ਬਰਨਾਲਾ: ਸਥਾਨਿਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਮਾਸਕ ਨੂੰ ਜ਼ਰੂਰੀ ਸਮਝਦੇ ਹੋਏ ਜ਼ਰੂਰਤਮੰਦ ਲੋਕਾਂ ਨੂੰ ਮਾਸਕ ਵੰਡੇ ਗਏ। ਇਸ ਦੇ ਨਾਲ ਹੀ ਬਦਲਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਵੱਧ ਰਹੀ ਧੁੰਦ ਨੂੰ ਦੇਖਦੇ ਹੋਏ ਸੁਰੱਖਿਆ ਪੱਖ ਤੋਂ ਰਿਫ਼ਲੈਕਟਰ ਵੀ ਵੰਡੇ ਗਏ।
ਇਸ ਮੌਕੇ ਰਿਕਸ਼ਾ ਚਾਲਕ, ਮਜ਼ਦੂਰਾਂ ਅਤੇ ਫ਼ੈਕਟਰੀਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਮਾਸਕ, ਰਿਫ਼ਲੈਕਟਰ ਜੈਕੇਟ, ਰਿਫ਼ਲੈਕਟਰ ਪੱਟੀਆਂ ਅਤੇ ਹੱਥ ਧੋਣ ਦੇ ਲਈ ਸਾਬਣ ਆਦਿ ਵੰਡੇ ਗਏ। ਜਿੱਥੇ ਇੱਕ ਪਾਸੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਕੋਰੋਨਾ ਦਾ ਨਾਈਟ ਕਰਫ਼ਿਊ ਜਾਰੀ ਹੈ। ਜਿਸ ਕਰਕੇ ਮਾਸਕ ਪਾਉਣਾ ਜ਼ਰੂਰੀ ਕੀਤਾ ਹੋਇਆ ਹੈ।
ਬਦਲਦੇ ਮੌਸਮ ਦੇ ਚੱਲਦਿਆਂ ਧੁੰਦ ਵਧਦੀ ਜਾ ਰਹੀ ਹੈ। ਜਿਸ ਕਰਕੇ ਸੜਕੀ ਹਾਦਸੇ ਵੱਧ ਰਹੇ ਹਨ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਬਰਨਾਲਾ ਦੇ ਐਸਐਸਪੀ ਦੀ ਅਗਵਾਈ ਵਿੱਚ ਰਾਤ ਸਮੇਂ ਕੰਮ ਕਰਨ ਵਾਲੇ ਵੱਖ ਵੱਖ ਵਰਗਾਂ ਦੇ ਮੁਲਾਜ਼ਮਾਂ ਨੂੰ ਜ਼ਰੂਰੀ ਸਮਾਨ ਵੰਡਿਆ ਗਿਆ। ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ 1000 ਦੇ ਕਰੀਬ ਰਿਫ਼ਲੈਕਟਰ ਜੈਕਟਾਂ, ਰਿਫ਼ਲੈਕਟਰ ਪੱਟੀਆਂ, ਮਾਸਕ ਅਤੇ ਹੱਥ ਧੋਣ ਵਾਲੀਆਂ ਸਾਬਣਾਂ ਰਾਤ ਸਮੇਂ ਕੰਮ ਕਰਨ ਵਾਲੇ ਮੁਲਾਜ਼ਮਾਂ, ਰਿਕਸ਼ਾ ਚਾਲਕਾਂ ਅਤੇ ਸਾਈਕਲ ਚਾਲਕਾਂ ਨੂੰ ਵੰਡੇ ਗਏ।
ਇਹਨਾਂ ਸਾਰੇ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮਾਸਕ ਲਗਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਸੁਰੱਖਿਆ ਦੇ ਮੱਦੇਨਜ਼ਰ ਸਾਨੂੰ ਹਮੇਸ਼ਾ ਮਾਸਕ ਲਗਾਉਣਾ ਜ਼ਰੂਰੀ ਹੈ। ਉਥੇ ਰਾਤ ਨੂੰ ਕੋਈ ਸੜਕ ਹਾਦਸਾ ਨਾ ਵਾਪਰੇ, ਜਿਸ ਲਈ ਰਿਫ਼ਲੈਕਟਰ ਜੈਕਟਾਂ ਅਤੇ ਰਿਫ਼ਲੈਕਟਰ ਪੱਟੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।