ਬਰਨਾਲਾ: ਕਰਫਿਊ ਕਾਰਨ ਲਗਾਤਾਰ ਸਕੂਲੀ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਪਰ ਇਨ੍ਹਾਂ ਦਿਨਾਂ ਵਿੱਚ ਕਿਤਾਬਾਂ ਕਾਪੀਆਂ ਦੀਆਂ ਦੁਕਾਨਾਂ ਨਾ ਖੁੱਲ੍ਹਣ ਅਤੇ ਆਰਥਿਕ ਤੰਗੀ ਕਰਕੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਲੈਣ ਵਿੱਚ ਪ੍ਰੇਸ਼ਾਨੀ ਆ ਰਹੀ ਸੀ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਬੀਹਲਾ ਦੀ ਪੰਚਾਇਤ ਵੱਲੋਂ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ।
ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡਣ ਦੀ ਸ਼ੁਰੂਆਤ ਥਾਣਾ ਟੱਲੇਵਾਲ ਦੀ ਐਸਐਚਓ ਅਮਨਦੀਪ ਕੌਰ ਅਤੇ ਏਐਸਆਈ ਮਲਕੀਤ ਸਿੰਘ ਵੱਲੋਂ ਕੀਤੀ ਗਈ ਅਤੇ ਉਨ੍ਹਾਂ ਬੀਹਲਾ ਪੰਚਾਇਤ ਦੇ ਇਸ ਉਪਰਾਲੇ ਦੀ ਸ਼ਾਲਾਘਾ ਵੀ ਕੀਤੀ।
ਇਸ ਮੌਕੇ ਸਰਪੰਚ ਕਿਰਨਜੀਤ ਸਿੰਘ ਮਿੰਟੂ ਨੇ ਦੱਸਿਆ ਕਿ ਸਰਕਾਰੀ ਸਕੂਲ ’ਚ ਪੜ੍ਹਦੇ 450 ਦੇ ਕਰੀਬ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡੇ ਗਏ ਹਨ। ਲੌਕਡਾਊਨ ਹੋਣ ਕਾਰਨ ਕੰਮ ਕਾਰ ਬੰਦ ਹਨ, ਜਿਸ ਕਰਕੇ ਪਰਿਵਾਰ ਬੱਚਿਆਂ ਨੂੰ ਪੜ੍ਹਾਈ ਲਈ ਸਮਾਨ ਖ਼ਰੀਦ ਕੇ ਦੇਣ ਤੋਂ ਅਸਰਮੱਥ ਹਨ, ਜਿਸ ਲਈ ਪੰਚਾਇਤ ਨੇ ਇਹ ਉਪਰਾਲਾ ਕੀਤਾ ਹੈ।
ਇਸ ਮੌਕੇ ਥਾਣਾ ਟੱਲੇਵਾਲ ਦੀ ਐਸਐਚਓ ਅਮਨਦੀਪ ਕੌਰ ਨੇ ਕਿਹਾ ਕਿ ਬੀਹਲਾ ਪਿੰਡ ਦੀ ਪੰਚਾਇਤ ਨੇ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡੇ ਹਨ। ਲੌਕਡਾਊਨ ਹੋਣ ਕਾਰਨ ਗਰੀਬ ਪਰਿਵਾਰਾਂ ਦੀ ਆਰਥਿਕ ਹਾਲਤ ਮਾੜੀ ਹੈ, ਜਿਸ ਕਰਕੇ ਪੰਚਾਇਤ ਨੇ ਇਹ ਉਪਰਾਲਾ ਕੀਤਾ ਹੈ, ਜੋ ਬਹੁਤ ਸ਼ਾਲਾਘਾਯੋਗ ਹੈ।
ਇਹ ਵੀ ਪੜੋ: ਕੋਵਿਡ-19: ਪੰਜਾਬ 'ਚ 17 ਮਈ ਤੱਕ ਜਾਰੀ ਰਹੇਗਾ ਕਰਫਿਊ, ਦਿਨ 'ਚ 4 ਘੰਟੇ ਤੱਕ ਦਿੱਤੀ ਜਾਵੇਗੀ ਢਿੱਲ: ਕੈਪਟਨ
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਕਰਫਿਊ ਦੌਰਾਨ ਬੱਚਿਆਂ ਨੂੰ ਘਰ ਬੈਠੇ ਆਨਲਾਈਨ ਮਾਧਿਅਮ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ ਪਰ ਸਟੇਸ਼ਨਰੀ ਨਾ ਮਿਲਣ ਕਾਰਨ ਬੱਚਿਆਂ ਨੂੰ ਦਿੱਕਤਾਂ ਆ ਰਹੀਆਂ ਹਨ, ਜਿਸਨੂੰ ਹੱਲ ਕਰਨ ਲਈ ਬੀਹਲਾ ਪਿੰਡ ਦੀ ਪੰਚਾਇਤ ਨੂੰ ਅਪੀਲ ਕੀਤੀ ਗਈ ਸੀ। ਜਿਸਨੂੰ ਸਵੀਕਾਰ ਕਰਦੇ ਹੋਏ 450 ਦੇ ਕਰੀਬ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਕਾਪੀਆਂ ਅਤੇ ਪੈਨ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਬੀਹਲਾ ਪੰਚਾਇਤ ਤੋਂ ਸੇਧ ਲੈਣੀ ਚਾਹੀਦੀ ਹੈ।