ਬਰਨਾਲਾ : ਯੂਟੀ ਕ੍ਰਿਕਟ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਅਤੇ ਹਰਿਆਣਾ ਦੇ ਵਿਧਾਇਕਾਂ ਦਰਮਿਆਨ ਕਰਵਾਏ ਗਏ ਕ੍ਰਿਕਟ ਮੈਚ ਵਿੱਚ ਬਰਨਾਲਾ ਤੋਂ ਵਿਧਾਇਕ ਅਤੇ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਛਾਏ ਰਹੇ। ਸੈਕਟਰ 16 ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਖੇ ਖੇਡੇ ਗਏ 15-15 ਓਵਰਾਂ ਦੇ ਮੈਚ ਵਿੱਚ ਮੀਤ ਹੇਅਰ ਨੇ 12 ਛੱਕਿਆਂ ਅਤੇ 13 ਚੌਕਿਆਂ ਦੀ ਮਦਦ ਨਾਲ ਮਹਿਜ਼ 53 ਗੇਂਦਾਂ ਉਤੇ ਨਾਬਾਦ 150 ਦੌੜਾਂ ਦੀ ਪਾਰੀ ਖੇਡ ਜਿਸ ਸਦਕਾ ਪੰਜਾਬ ਸਪੀਕਰ ਇਲੈਵਨ ਨੇ ਹਰਿਆਣਾ ਸਪੀਕਰ ਇਲੈਵਨ ਨੂੰ 95 ਦੌੜਾਂ ਨਾਲ ਹਰਾਇਆ।
ਮੀਤ ਹੇਅਰ ਇਸ ਮੈਚ ਦੇ ਮੈਨ ਆਫ਼ ਦ ਮੈਚ ਰਹੇ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੋ ਵਿਕਟਾਂ ਦੇ ਨੁਕਸਾਨ ਉੱਤੇ 15 ਓਵਰਾਂ ਵਿੱਚ 235 ਦੌੜਾਂ ਬਣਾਈਆਂ ਜਦਕਿ ਹਰਿਆਣਾ ਦੀ ਟੀਮ 15 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 140 ਦੌੜਾਂ ਹੀ ਬਣਾ ਸਕੀ। ਇਸ ਮੈਚ ਦੇ ਸ਼ੁਰੁ ਵਿੱਚ ਪੰਜਾਬ ਸਪੀਕਰ-ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਮੀਤ ਹੇਅਰ ਅਤੇ ਵਿਧਾਇਕ ਅਮੋਲਕ ਸਿੰਘ ਨੇ ਸਲਾਮੀ ਬੱਲੇਬਾਜ਼ ਵਜੋਂ ਸ਼ੁਰੂਆਤ ਕੀਤੀ। ਤੀਜੀ ਵਿਕਟ ਲਈ ਮੀਤ ਹੇਅਰ ਦਾ ਬਾਖੂਬੀ ਸਾਥ ਦੇਣ ਵਾਲੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ 8 ਚੌਕਿਆਂ ਦੀ ਮਦਦ ਨਾਲ ਨਾਬਾਦ 54 ਦੌੜਾਂ ਬਣਾਈਆਂ।ਮੀਤ ਹੇਅਰ ਤੇ ਸ਼ੈਰੀ ਕਲਸੀ ਵਿਚਕਾਰ ਨਾਬਾਦ 191 ਦੌੜਾਂ ਦੀ ਸਾਂਝੇਦਾਰੀ ਹੋਈ ਜਿਸ ਸਦਕਾ ਪੰਜਾਬ ਨੇ ਵਿਸ਼ਾਲ ਸਕੋਰ ਬਣਾਇਆ।
236 ਦੌੜਾਂ ਦਾ ਪਿੱਛਾ ਕਰਦਿਆਂ ਹਰਿਆਣਾ ਸਪੀਕਰ-ਇਲੈਵਨ 15 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 140 ਦੌੜਾਂ ਹੀ ਬਣਾ ਸਕੀ। ਵਿਧਾਇਕ ਭਵਿਆ ਬਿਸ਼ਨੋਈ 72 ਦੌੜਾਂ ਬਣਾ ਕੇ ਆਊਟ ਹੋਏ। ਪੰਜਾਬ ਦੀ ਟੀਮ ਤਰਫੋਂ ਅੰਮ੍ਰਿਤਪਾਲ ਸਿੰਘ ਸੁਖਾਨੰਦ, ਕਰਮਬੀਰ ਸਿੰਘ ਘੁੰਮਣ ਤੇ ਨਰਿੰਦਰ ਪਾਲ ਸਿੰਘ ਸਵਨਾ ਨੇ ਇਕ-ਇਕ ਵਿਕਟ ਲਈ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਯੂ ਟੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਟੰਡਨ ਨੇ ਪੰਜਾਬ ਸਪੀਕਰ-ਇਲੈਵਨ ਨੂੰ ਜੇਤੂ ਅਤੇ ਹਰਿਆਣਾ ਟੀਮ ਨੂੰ ਉਪ ਜੇਤੂ ਟਰਾਫੀ ਦੇ ਕੇ ਨਿਵਾਜਿਆ। ਮੀਤ ਹੇਅਰ ਨੂੰ ਮੈਨ ਆਫ ਦਿ ਮੈਚ ਪੁਰਸਕਾਰ ਅਤੇ ਸਾਰੇ ਖਿਡਾਰੀਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਆ ਗਿਆ।
ਇਹ ਵੀ ਪੜ੍ਹੋ : ਸੰਗਰੂਰ ਦੇ ਹਿਤੇਸ਼ ਕੁਮਾਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਰਮਨੀ ਕੰਪਨੀ ਵਿੱਚ ਵੱਡੇ ਅਹੁਦੇ ਉਤੇ ਚੋਣ, ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਿਤ
ਮੈਚ ਦੀ ਸਮਾਪਤੀ ਤੋਂ ਬਾਅਦ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਖੇਡ ਸੱਭਿਆਚਾਰ ਪੈਦਾ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਮੈਚ ਦੌਰਾਨ ਪੰਜਾਬ ਤੇ ਹਰਿਆਣਾ ਦੇ ਖਿਡਾਰੀਆਂ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ।ਅਜਿਹੇ ਉਪਰਾਲੇ ਖੇਡ ਸੱਭਿਆਚਾਰ ਨੂੰ ਹੁਲਾਰਾ ਦਿੰਦੇ ਹਨ ਅਤੇ ਨੌਜਵਾਨਾਂ ਨੂੰ ਖੇਡ ਮੈਦਾਨ ਵਿੱਚ ਆਉਣ ਲਈ ਪ੍ਰੇਰਿਤ ਕਰਦੇ ਹਨ।