ਬਰਨਾਲਾ: ਪੰਜਾਬ ਇਹਨੀ ਦਿਨੀਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਲੋਕਾਂ ਦੇ ਘਰ ਤਬਾਹ ਹੋਏ ਹਨ ਅਤੇ ਲੋਕਾਂ ਦੇ ਜਾਣੀ ਨੁਕਸਾਨ ਵੀ ਹੋਏ ਹਨ। ਪਰ ਇਸ ਵਿਚਾਲੇ ਵਾਧੂ ਘਾਟਾ ਪਿਆ ਹੈ ਕਿਸਾਨਾਂ ਨੂੰ ਜਿੰਨਾ ਦੀ ਫਸਲ ਤਬਾਹ ਹੋ ਗਈ। ਉਥੇ ਹੀ ਅਜਿਹੇ ਹਲਾਤਾਂ ਵਿੱਚ ਹੜ੍ਹ ਪੀੜਤਾਂ ਦੀ ਅੱਗੇ ਹੋ ਕੇ ਬਾਂਹ ਫੜ੍ਹੀ ਹੈ SGPC ਨੇ। ਦਰਅਸਲ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬੇ ਇਸ ਵੇਲੇ ਮੀਂਹ ਅਤੇ ਹੜ੍ਹ ਦੀ ਮਾਰ ਝੱਲ ਰਹੇ ਹਨ। ਇਸ ਵਿਚਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੀ ਮਦਦ ਲਈ ਅੱਗੇ ਆਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸਾਹਿਬਾਨਾਂ ਨੂੰ 53 ਏਕੜ ਜ਼ਮੀਨ ਵਿਚ ਪਨੀਰੀ ਬੀਜਣ ਦੇ ਹੁਕਮ ਜਾਰੀ ਕੀਤੇ ਹਨ, ਤਾਂ ਜੋ ਇਨ੍ਹਾਂ ਕਿਸਾਨਾਂ ਦੀ ਮਦਦ ਕੀਤੀ ਜਾ ਸਕੇ।
ਇਹਨਾਂ ਹੁਕਮਾਂ ਤਹਿਤ ਹੀ ਬੀਤੇ ਦਿਨ ਬਰਨਾਲਾ ਵਿਖੇ ਹੜ੍ਹ ਪੀੜਤ ਕਿਸਾਨਾਂ ਲਈ ਐਸਜੀਪੀਸੀ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਹੈ ਅਤੇ ਐਸਜੀਪੀਸੀ ਦੀ 10 ਏਕੜ ਜ਼ਮੀਨ ਵਿੱਚ ਝੋਨੇ ਦੀ ਪਨੀਰੀ ਬੀਜੀ ਗਈ ਹੈ, ਜੋ ਪੀੜਤ ਕਿਸਾਨਾਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਜੀਪੀਸੀ ਦੇ ਅੰਤ੍ਰਿਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਅਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਮੌਕੇ ਹੜ੍ਹਾਂ ਦੀ ਵੱਡੀ ਮਾਰ ਹੈ। ਵੱਡੇ ਪੱਧਰ 'ਤੇ ਝੋਨੇ ਦੀ ਫ਼ਸਲ ਅਤੇ ਕਈ ਹੋਰ ਫਸਲਾਂ ਦੀ ਬਰਬਾਦੀ ਹੋਈ ਹੈ। ਜਿਸ ਕਰਕੇ ਐਸਜੀਪੀਸੀ ਵੱਲੋਂ ਪੀੜਤ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਫਸਲ ਦੇ ਨਾਲ ਨਾਲ ਪਸ਼ੂਆਂ ਦੇ ਚਾਰੇ ਦਾ ਵੀ ਹੈ ਇੰਤਜ਼ਾਮ : ਉਹਨਾਂ ਦੱਸਿਆ ਕਿ ਇਸ ਔਖੀ ਘੜੀ ਵਿੱਚ ਸਾਨੂੰ ਪੀੜਤ ਲੋਕਾਂ ਅਤੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਪਸ਼ੂਆਂ ਲਈ ਵੀ ਹਰੇ ਚਾਰੇ ਦੀ ਕਮੀ ਆਈ ਹੈ। ਉਸ ਲਈ ਵੀ ਐਸਜੀਪੀਸੀ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਵੀ ਪੰਜਾਬ ਜਾਂ ਦੇਸ਼ ਵਿੱਚ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਥੇ ਪਹੁੰਚ ਕੇ ਪੀੜਤ ਲੋਕਾਂ ਦੀ ਸੇਵਾ ਕਰਦੀ ਹੈ। ਉਹਨਾ ਕਿਹਾ ਕਿ ਹੁਣ ਵੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਐਸਜੀਪੀਸੀ ਵਲੋਂ ਪਹਿਲੇ ਦਿਨ ਤੋਂ ਹੜ੍ਹ ਤੋਂ ਪੀੜਤ ਲੋਕਾਂ ਲਈ ਰਾਸ਼ਨ, ਲੰਗਰ ਅਤੇ ਹਰੇ ਚਾਰੇ ਦੀ ਸੇਵਾ ਕੀਤੀ ਜਾ ਰਹੀ ਹੈ।
- ਕਪੂਰਥਲਾ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਤੇ ਸਾਥੀਆਂ ਉਤੇ FIR ਦਰਜ, ਧੁੱਸੀ ਬੰਨ੍ਹ ਤੋੜਨ 'ਤੇ ਹੋਈ ਕਾਰਵਾਈ
- SGPC ਵੱਲੋਂ ਚੈਨਲ ਦੇ ਐਲਾਨ ਮਗਰੋਂ CM ਦੀ ਰਾਜਪਾਲ ਨੂੰ ਚਿੱਠੀ, ਕਿਹਾ- "ਗੁਰਦੁਆਰਾ ਸੋਧ ਐਕਟ ਉਤੇ ਫੌਰੀ ਕਰੋ ਹਸਤਾਖ਼ਰ"
- Ferozepur News: ਇਨਸਾਨੀਅਤ ਸ਼ਰਮਸਾਰ ! ਪਾਣੀ ਵਿੱਚ ਰੁੜ੍ਹਦੇ ਵਿਅਕਤੀ ਨੂੰ ਬਚਾਉਣ ਦੀ ਬਜਾਏ ਵੀਡੀਓ ਬਣਾਉਂਦੇ ਰਹੇ ਲੋਕ
ਗੁਰੂ ਪਿਆਰੀ ਸੰਗਤ ਲਈ ਵੱਧ ਚੜ੍ਹ ਕੇ ਸਹਿਯੋਗ ਕਰਨਾ ਪਹਿਲਾ ਧਰਮ : ਖੇਤੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ,ਪਰ ਹੜ੍ਹ ਕਰਕੇ ਕਿਸਾਨਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਦੀ ਭਰਪਾਈ ਤਾਂ ਭਾਵੇਂ ਹੀ ਨਹੀਂ ਹੋ ਸਕੇਗੀ ,ਪਰ ਕੁਝ ਮਦਦ ਅਤੇ ਰਾਹਤ ਦੇਕੇ ਜੇਕਰ ਪੀੜਤਾਂ ਦਾ ਸਾਥ ਦਿੱਤਾ ਜਾਂਦਾ ਹੈ ਤਾਂ ਇਸ ਤੋਂ ਵੱਧ ਪੁੰਨ ਦਾ ਕੰਮ ਕੀ ਹੋਵੇਗਾ, ਗੁਰੂ ਦੀ ਬਖਸ਼ੀ ਦਾਤ ਦਾ ਹਮੇਸ਼ਾ ਧਨਵਾਦ ਕਰਦਿਆਂ ਸਾਨੂੰ ਅੱਗੇ ਵੱਧ ਕੇ ਇਕ ਦੂਜੇ ਨੂੰ ਮਦਦ ਦਾ ਹੇਠ ਵਧਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਰਨਾਲਾ ਜਿਲ੍ਹੇ ਵਿੱਚ ਹੜ੍ਹ ਦੀ ਮਾਰ ਨਹੀਂ ਹੈ। ਜਿਸ ਕਰਕੇ ਇੱਥੇ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਐਸਜੀਪੀਸੀ ਦੀ 10 ਏਕੜ ਜ਼ਮੀਨ ਉਪਰ ਛੇਤੀ ਪੱਕਣ ਵਾਲੀ ਝੋਨੇ ਦੀ ਪਨੀਰੀ ਲਗਾਈ ਜਾ ਰਹੀ ਹੈ, ਜੋ ਕਰੀਬ 20 ਤੋਂ 25 ਦਿਨਾਂ ਵਿੱਚ ਤਿਆਰ ਹੋ ਜਾਵੇਗੀ ਅਤੇ ਪੀੜਤ ਕਿਸਾਨਾਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਉਥੇ ਉਹਨਾਂ ਕਿਹਾ ਕਿ ਐਸਜੀਪੀਸੀ ਦੀ ਜ਼ਮੀਨ ਵਿੱਚ 18 ਤੋਂ 20 ਏਕੜ ਮੱਕੀ ਦੇ ਲਗਾਏ ਹੋਏ ਹਨ, ਜਿਸਨੂੰ ਵੱਢ ਕੇ ਹਰੇ ਚਾਰੇ ਦੇ ਤੌਰ 'ਤੇ ਹੜ੍ਹ ਪੀੜਤ ਕਿਸਾਨਾਂ ਲਈ ਲਿਜਾਇਆ ਜਾਵੇਗਾ।