ਬਰਨਾਲਾ: ਸ਼ਹਿਰ ਵਿੱਚ ਧਨੌਲਾ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਦੋ ਧੜਿਆਂ ਦਰਮਿਆਨ ਹੋਈ ਲੜਾਈ 'ਚ ਤਲਵਾਰਾਂ ਅਤੇ ਹੋਰ ਤੇਜ਼ਧਾਰ ਹਥਿਆਰ ਚੱਲਣੇ ਸ਼ੁਰੂ ਹੋ ਗਏ। ਇਸ ਮੌਕੇ 4 ਵਿੱਚੋਂ 2 ਆਟੋ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦੋਂਕਿ 2 ਮਾਮੂਲੀ ਜ਼ਖ਼ਮੀ, ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਮਾਮਲੇ ਸਬੰਧੀ ਜ਼ਖ਼ਮੀ ਹੋਏ ਵਾਹਨ ਚਾਲਕ ਗੁਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਧਨੌਲਾ ਰੋਡ 'ਤੇ ਅੰਡਰਬ੍ਰਿਜ ਤੋਂ ਮਹਿਲਾ ਸਵਾਰੀਆਂ ਨੂੰ ਆਟੋ 'ਤੇ ਛੱਡਣ ਜਾ ਰਿਹਾ ਸੀ, ਤਾਂ ਅੱਗੇ ਜਾ ਰਹੀ ਕਾਰ ਦੇ ਚਾਲਕ ਨੇ ਇੱਕਦਮ ਬਰੇਕ ਲਗਾ ਦਿੱਤੇ। ਇਸ ਕਰਕੇ ਆਟੋ ਮਾਮੂਲੀ ਜਿਹਾ ਕਾਰ ਨਾਲ ਟਕਰਾ ਗਿਆ। ਇਸ ਤੋਂ ਬਾਅਦ ਕਾਰ ਚਾਲਕ ਤੇ ਉਸਦੇ ਸਾਥੀਆਂ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸਦਾ ਮੋਬਾਈਲ, ਨਕਦੀ ਅਤੇ ਕੰਨ ਦੀਆਂ ਮੁੰਦੀਆਂ ਖੋਹ ਲਈਆਂ।
ਉਸਨੇ ਦੱਸਿਆ ਕਿ ਉਸਨੇ ਕਾਰ ਚਾਲਕ ਨੂੰ ਕਾਰ ਦੇ ਹੋਏ ਨੁਕਸਾਨ ਦੀ ਅੱਧੀ ਰਾਸ਼ੀ ਵੀ ਅਦਾ ਕਰਨ ਲਈ ਕਿਹਾ। ਇਸ ਤੋਂ ਬਾਅਦ ਉਸਨੇ ਝਗੜਾ ਸੁਲਝਾਉਣ ਲਈ ਮੌਕੇ 'ਤੇ ਆਪਣੇ ਭਰਾਵਾਂ ਨੂੰ ਬੁਲਾਇਆ ਤੇ ਫਿਰ ਕਾਰ ਸਵਾਰਾਂ ਨੇ ਆਪਣੇ 6 ਤੋਂ 7 ਸਾਥੀ ਬੁਲਾ ਲਏ।
ਇਨ੍ਹਾਂ ਦੇ ਹੱਥ ਵਿੱਚ ਤਲਵਾਰਾਂ ਅਤੇ ਹੋਰ ਤੇਜ਼ਧਾਰ ਹਥਿਆਰ ਸਨ ਤੇ ਬਾਅਦ ਵਿੱਚ ਉਸਨੇ ਤਲਵਾਰਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਉਸ ਅਤੇ ਉਸਦੇ ਭਰਾਵਾਂ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੇ 3 ਭਰਾਵਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਕਾਰ ਸਵਾਰ ਤੇ ਉਸਦੇ ਸਾਥੀ ਨਸ਼ੇ ਵਿੱਚ ਸਨ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਹੈ, ਕਿ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਜਦਕਿ ਜ਼ਖਮੀ ਜਸਵੰਤ ਸਿੰਘ ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਸਨੂੰ ਪਤਾ ਲੱਗਿਆ ਕਿ ਉਸਦੇ ਭਰਾਵਾਂ ਉੱਤੇ ਹਮਲਾ ਹੋਇਆ ਹੈ। ਉਹ ਮੌਕੇ 'ਤੇ ਗਿਆ ਤੇ ਉਸ ਨੇ ਸਾਰੇ ਜ਼ਖ਼ਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਉਸ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਥਾਣਾ ਸਿਟੀ 2 ਦੇ ਐਸ.ਐਚ.ਓ ਰਣਜੀਤ ਸਿੰਘ ਨੇ ਦੱਸਿਆ ਕਿ ਕਾਰ ਅਤੇ ਆਟੋ ਚਾਲਕਾਂ ਵਿਚਕਾਰ ਮਾਮੂਲੀ ਟੱਕਰ ਹੋਣ ਕਾਰਨ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਕਾਰ ਸਵਾਰ, ਉਸਦੇ ਸਾਥੀ ਤਲਵਾਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਸਮੇਤ ਸਵਾਰ ਹੋ ਕੇ ਆ ਗਏ ਅਤੇ ਆਟੋ ਚਾਲਕਾਂ 'ਤੇ ਹਮਲਾ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਛੇਤੀ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਵੇਗੀ।