ਬਰਨਾਲਾ: ਪੰਜਾਬ ਦੇ ਨੌਜਵਾਨ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਕਰਨ ਤੋਂ ਟਾਲਾ ਵੱਟਦੇ ਜਾ ਰਹੇ ਹਨ। ਉੱਥੇ ਬਰਨਾਲਾ ਜ਼ਿਲ੍ਹੇ ਦਾ ਇੱਕ ਨੌਜਵਾਨ ਵਿਦੇਸ਼ ਤੋਂ ਪਰਤ ਕੇ ਇਸ ਕਿੱਤੇ ਰਾਹੀਂ ਚੰਗੀ ਕਮਾਈ ਕਰ ਰਿਹਾ ਹੈ।
ਬਰਨਾਲਾ ਦੇ ਪਿੰਡ ਹਰੀਗੜ੍ਹ ਦੇ ਰਹਿਣ ਵਾਲਾ ਸੁਖਵਿੰਦਰ ਸਿੰਘ ਸੁੱਖੀ ਸ਼ੇਰਗਿੱਲ 6 ਮਹੀਨੇ ਪਹਿਲਾਂ ਅਮਰੀਕਾ ਤੋਂ ਵਾਪਸ ਪੰਜਾਬ ਪਰਤਿਆ ਸੀ, ਜਿਸ ਤੋਂ ਬਾਅਦ ਉਸ ਨੇ ਕੋਰੋਨਾ ਵਾਇਰਸ ਕਾਰਨ ਲਗਾਏ ਲੌਕਡਾਊਨ ਦੌਰਾਨ ਮੱਕੀ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਮੱਕੀ ਦੇ ਵਿਚਕਾਰ ਧਨੀਏ ਦੀ ਖੇਤੀ ਵੀ ਸ਼ੁਰੂ ਕੀਤੀ ਗਈ। ਇਨ੍ਹਾਂ ਦੋਵੇਂ ਫ਼ਸਲਾਂ ਦਾ ਸੁੱਖੀ ਵੱਲੋਂ ਖ਼ੁਦ ਮੰਡੀਕਰਨ ਕੀਤਾ ਜਾ ਰਿਹਾ ਹੈ ਅਤੇ ਬਿਨਾਂ ਕਿਸੇ ਝਿਜਕ ਤੋਂ ਉਹ ਬਾਜ਼ਾਰ ਵਿੱਚ ਆਮ ਦੁਕਾਨਦਾਰਾਂ ਦੀਆਂ ਰੇਹੜੀਆਂ ਨਾਲ ਆਪਣੀ ਦੁਕਾਨ ਲਗਾ ਕੇ ਆਪਣੀ ਉਗਾਈ ਫ਼ਸਲ ਵੇਚ ਕੇ ਚੰਗੀ ਕਮਾਈ ਕਰ ਰਿਹਾ ਹੈ।
ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਨੌਜਵਾਨ ਸੁਖਵਿੰਦਰ ਸਿੰਘ ਸੁੱਖੀ ਸ਼ੇਰਗਿੱਲ ਨੇ ਕਿਹਾ ਕਿ ਉਹ 6 ਮਹੀਨੇ ਪਹਿਲਾਂ ਅਮਰੀਕਾ ਤੋਂ ਪਰਤਿਆ ਹੈ। ਕੋਰੋਨਾ ਵਾਇਰਸ ਦੇ ਲੌਕਡਾਊਨ ਦੌਰਾਨ ਉਹ ਘਰ ਵਿੱਚ ਵਿਹਲਾ ਬੈਠਾ ਸੀ, ਜਿਸ ਕਰਕੇ ਉਸ ਨੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਆਪਣੇ ਖੇਤ ਵਿੱਚ ਮੱਕੀ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਮੱਕੀ ਦੇ ਵਿਚਕਾਰ ਧਨੀਏ ਦੀ ਖੇਤੀ ਵੀ ਕੀਤੀ ਜਾ ਰਹੀ ਹੈ ਪਰ ਜਦੋਂ ਉਹ ਧਨੀਏ ਦੀ ਫ਼ਸਲ ਵੇਚਣ ਸਬਜ਼ੀ ਮੰਡੀ ਵਿੱਚ ਗਿਆ ਤਾਂ ਉਸ ਨੂੰ ਨਿਗੁਣਾ ਭਾਅ ਮਿਲਿਆ, ਜਿਸ ਤੋਂ ਨਿਰਾਸ਼ ਹੋ ਕੇ ਉਸ ਨੇ ਧਨੀਏ ਦੀ ਫ਼ਸਲ ਖੁਦ ਵੇਚਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਬਰਨਾਲਾ ਦੇ ਬਾਜ਼ਾਰ ਵਿੱਚ ਰੇਹੜੀਆਂ ਵਾਲਿਆਂ ਨਾਲ ਦੁਨੀਆਂ ਵਿੱਚ ਨਾਲ ਸ਼ੁਰੂ ਕਰ ਦਿੱਤਾ। ਪਹਿਲੇ ਹੀ ਦਿਨ ਉਸ ਨੂੰ ਚੰਗੀ ਕਮਾਈ ਹੋਈ।
ਇਸ ਤੋਂ ਬਾਅਦ ਉਸ ਨੇ ਧਨੀਏ ਦੇ ਨਾਲ-ਨਾਲ ਆਪਣੇ ਖੇਤ ਵਿੱਚ ਉਗਾਏ ਜਾ ਰਹੇ ਸਾਗ ਅਤੇ ਮੱਕੀ ਦੀਆਂ ਛੱਲੀਆਂ ਵੀ ਵੇਚਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਉਸ ਨੂੰ ਚੰਗੀ ਕਮਾਈ ਹੋ ਰਹੀ ਹੈ। ਸੁੱਖੀ ਸ਼ੇਰਗਿੱਲ ਨੇ ਦੱਸਿਆ ਕਿ ਪਰਿਵਾਰਕ ਪੱਖ ਤੋਂ ਉਸਦੇ ਭਰਾ ਦੀ ਅਮਰੀਕਾ ਵਿੱਚ ਟਰਾਂਸਪੋਰਟ ਹੈ ਅਤੇ ਪੰਜਾਬ ਵਿੱਚ ਵੀ ਉਸ ਕੋਲ 10 ਏਕੜ ਦੇ ਕਰੀਬ ਜ਼ਮੀਨ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਖੁਦ ਬਾਜ਼ਾਰ ਵਿੱਚ ਆਪਣੀ ਉਗਾਈ ਸਬਜ਼ੀ ਵੇਚਣ ਵਿੱਚ ਕੋਈ ਸ਼ਰਮਿੰਦਗੀ ਨਹੀਂ ਹੈ। ਉਸ ਦਾ ਐਨਆਰਆਈ ਭਰਾ ਅਤੇ ਪਰਿਵਾਰ ਉਸ ਦੇ ਇਸ ਕੰਮ ਵਿਚ ਪੂਰਾ ਸਹਿਯੋਗ ਦੇ ਰਿਹਾ ਹੈ। ਕੁਝ ਦੋਸਤ ਮਿੱਤਰ ਵੀ ਉਸ ਦਾ ਲਗਾਤਾਰ ਸਾਥ ਦੇ ਰਹੇ ਹਨ।
ਸੁਖਵਿੰਦਰ ਸਿੰਘ ਸੁੱਖੀ ਦੇ ਇਸ ਉਪਰਾਲੇ ਦੀ ਉਸਤੋਂ ਖਰੀਦਦਾਰੀ ਕਰਨ ਆ ਰਹੇ ਗ੍ਰਾਹਕ ਵੀ ਤਾਰੀਫ ਕਰ ਰਹੇ ਹਨ। ਖਰੀਦਦਾਰੀ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ, ਪਰ ਇਹ ਪੜ੍ਹਿਆ ਲਿਖਿਆ ਨੌਜਵਾਨ ਚੰਗੇ ਘਰਾਣੇ ਨਾਲ ਸਬੰਧਤ ਹੋਣ ਦੇ ਬਾਵਜੂਦ ਆਪਣੀ ਫ਼ਸਲ ਦਾ ਮੰਡੀਕਰਨ ਖ਼ੁਦ ਕਰਕੇ ਹੋਰਨਾਂ ਨੌਜਵਾਨਾਂ ਲਈ ਮਿਸਾਲ ਪੈਦਾ ਕਰ ਰਿਹਾ ਹੈ।
ਉਧਰ ਇਸ ਅਗਾਂਹਵਧੂ ਨੌਜਵਾਨ ਦਾ ਖੇਤੀਬਾੜੀ ਵਿਭਾਗ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ.ਬਲਦੇਵ ਸਿੰਘ ਨੇ ਕਿਹਾ ਕਿ ਖੁਦ ਫ਼ਸਲ ਲਗਾ ਕੇ ਖੁਦ ਮੰਡੀਕਰਨ ਕਰਨ ਨਾਲ ਕਿਸਾਨਾਂ ਨੂੰ ਦੁੱਗਣਾ ਮੁਨਾਫ਼ਾ ਹੁੰਦਾ ਹੈ, ਜਿਸਦੀ ਸੁਖਵਿੰਦਰ ਸੁੱਖੀ ਨੌਜਵਾਨ ਪ੍ਰਤੱਖ ਮਿਸਾਲ ਹੈ। ਜਿਸ ਤੋਂ ਹੋਰ ਕਿਸਾਨਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ।