ਬਰਨਾਲਾ: ਇੱਕ ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਪੂਰੇ ਦੇਸ਼ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। ਇਸ ਵਾਰ ਬਰਨਾਲਾ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਕਿਧਰੇ ਜ਼ਿਆਦਾ ਵੱਧ ਗਈ ਹੈ। ਬਰਨਾਲਾ ਜ਼ਿਲ੍ਹੇ ਵਿੱਚ ਅਪਰੈਲ 2019 ਤੋਂ ਲੈ ਕੇ ਹੁਣ ਤੱਕ ਏਡਜ਼ ਦੇ 109 ਮਰੀਜ਼ ਐੱਚਆਈਵੀ ਪਾਜ਼ੀਟਿਵ ਪਾਏ ਗਏ ਹਨ। ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਈ ਹੈ।
ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਸਵਾਲ ਹੈਰਾਨ ਕਰਨ ਵਾਲੇ ਏਡਜ਼ ਦੇ ਅੰਕੜੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਅਪਰੈਲ 2019 ਦੇ ਸ਼ੁਰੂਆਤ ਵਿੱਚ ਹੁਣ ਤੱਕ ਏਡਜ਼ ਦੇ 109 ਮਰੀਜ਼ ਐੱਚਆਈਵੀ ਪਾਜ਼ੀਟਿਵ ਪਾਏ ਗਏ ਹਨ। ਬਰਨਾਲਾ ਪੰਜਾਬ ਦਾ ਇੱਕ ਛੋਟਾ ਜਿਹਾ ਜ਼ਿਲ੍ਹਾ ਹੈ। ਇੱਥੇ ਏਡਜ਼ ਦੇ ਮਰੀਜ਼ਾਂ ਦੀ ਇੰਨੀ ਵੱਡੀ ਗਿਣਤੀ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਖ਼ਾਸ ਧਿਆਨ ਦੇਣ ਦੀ ਲੋੜ ਹੈ। ਮਰੀਜ਼ਾਂ ਵਿੱਚ ਜ਼ਿਆਦਾਤਰ ਮਰੀਜ਼ ਅਸੁਰੱਖਿਅਤ ਸਬੰਧਾਂ, ਨਸ਼ੇ ਦਾ ਪ੍ਰਯੋਗ ਕਰਨ ਵਾਲੇ ਹਨ।
ਬਰਨਾਲਾ ਜ਼ਿਲ੍ਹੇ ਵਿੱਚ ਤਿੰਨ ਆਈਟੀ ਸਿਟੀ ਸੈਂਟਰ ਬਰਨਾਲਾ, ਤਪਾ ਅਤੇ ਧਨੌਲਾ ਹਸਪਤਾਲ ਵਿੱਚ ਹਨ। ਇਨ੍ਹਾਂ ਵਿੱਚੋਂ ਬਰਨਾਲਾ ਸੈਂਟਰ ਅਧੀਨ 2019 ਦੇ 8 ਮਹੀਨੇ ਦੌਰਾਨ 77 ਮਰੀਜ਼ ਐੱਚਆਈਵੀ ਪਾਜ਼ੀਟਿਵ ਪਾਏ ਗਏ ਹਨ, ਜਦੋਂ ਕਿ ਤਪਾ ਸੈਂਟਰ ਵਿੱਚ 27 ਅਤੇ ਧਨੌਲਾ ਸੈਂਟਰ ਵਿੱਚ 5 ਮਰੀਜ਼ ਏਡਜ਼ ਦੇ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਏਡਜ਼ ਦੇ ਮਰੀਜ਼ਾਂ ਵਿੱਚ ਤਿੰਨ ਮਰੀਜ਼ ਨਸ਼ੇੜੀ ਵੀ ਪਾਏ ਗਏ ਹਨ। 5 ਨਵ ਜੰਮੇ ਬੱਚੇ ਵੀ ਏਡਜ਼ ਦੀ ਮਾਰ ਹੇਠ ਆਏ ਹਨ, ਜਿਨ੍ਹਾਂ ਨੂੰ ਮਾਪਿਆਂ ਤੋਂ ਇਹ ਬਿਮਾਰੀ ਹੋਈ ਹੈ। ਇਸ ਤੋਂ ਇਲਾਵਾ ਚਾਰ ਔਰਤਾਂ ਗਰਭਵਤੀ ਵੀ ਏਡਜ਼ ਦੀ ਮਾਰ ਹੇਠ ਹਨ।
ਇਸ ਗੰਭੀਰ ਮੁੱਦੇ 'ਤੇ ਗੱਲ ਕਰਦਿਆਂ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਤਪਿੰਦਰ ਜੋਤ ਨੇ ਦੱਸਿਆ ਕਿ, ਜ਼ਿਲ੍ਹੇ ਵਿੱਚ ਬਰਨਾਲਾ ਸੈਂਟਰ ਵਿੱਚ ਅਪਰੈਲ 2019 ਤੋਂ ਹੁਣ ਤੱਕ 77 ਕੇਸ ਸਾਹਮਣੇ ਆਏ ਹਨ। ਧਨੌਲਾ ਸੈਂਟਰ ਵਿੱਚ 5 ਅਤੇ ਤਪਾ ਸੈਂਟਰ ਵਿੱਚ 27 ਕੇਸ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕੇਸਾਂ ਵਿੱਚ ਅਸੁਰੱਖਿਅਤ ਯੋਨ ਸੰਬੰਧ ਹੀ ਏਡਜ਼ ਦਾ ਕਾਰਨ ਬਣਿਆ ਹੈ। ਉਨ੍ਹਾਂ ਏਡਜ਼ ਦੇ ਲੱਛਣਾਂ ਸਬੰਧੀ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦਾ ਭਾਰ ਇੱਕ ਦਮ ਘੱਟ ਹੋਣ ਲੱਗੀ, ਬੁਖਾਰ ਜ਼ਿਆਦਾ ਚੜ੍ਹਨ ਲੱਗੇ, ਇਨਫੈਕਸ਼ਨ ਠੀਕ ਨਾ ਹੋਵੇ ਤਾਂ, ਇਹ ਏਡਜ਼ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਏਡਜ਼ ਦਾ ਇਲਾਜ ਹੁਣ ਸੰਭਵ ਹੈ ਅਤੇ ਇਸ ਬੀਮਾਰੀ ਨੂੰ ਛੁਪਾ ਕੇ ਨਹੀਂ ਰੱਖਣਾ ਚਾਹੀਦਾ। ਦਵਾਈ ਦੇ ਮਾਧਿਅਮ ਰਾਹੀਂ ਮਰੀਜ਼ ਬਿਲਕੁਲ ਠੀਕ ਹੋ ਸਕਦਾ ਹੈ।