ਬਰਨਾਲਾ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਹੁਣ 'ਕਰੋ ਜਾਂ ਮਰੋ' ਦੀ ਨੀਤੀ ਅਪਣਾ ਲਈ ਹੈ। 25 ਅਗਸਤ ਤੋਂ 29 ਅਗਸਤ ਤੱਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਅਕਾਲੀ-ਭਾਜਪਾ ਆਗੂਆਂ ਦੇ ਪਿੰਡਾਂ ਵਿੱਚ ਦਾਖ਼ਲੇ 'ਤੇ ਪਬੰਦੀ ਲਗਾ ਦਿੱਤੀ ਹੈ।
ਕਿਸਾਨਾਂ ਨੇ ਪਿੰਡਾਂ ਦੇ ਹਰ ਰਸਤੇ 'ਤੇ ਧਰਨੇ ਲਗਾ ਦਿੱਤੇ ਹਨ ਅਤੇ ਪਿੰਡਾਂ ਵਿੱਚ ਬੈਨਰ ਟੰਗ ਦਿੱਤੇ ਗਏ ਹਨ ਕਿ ਅਕਾਲੀ-ਭਾਜਪਾ ਲੀਡਰਾਂ ਦਾ ਪਿੰਡਾਂ ਵਿੱਚ ਦਾਖਲਾ ਬੰਦ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਜਥੇਬੰਦੀ ਦੀ ਸੂਬਾ ਪੱਧਰੀ ਕਮੇਟੀ ਦੇ ਸੱਦੇ 'ਤੇ ਮੰਗਲਵਾਰ ਤੋਂ ਬਰਨਾਲਾ ਜ਼ਿਲ੍ਹੇ ਦੇ 60 ਪਿੰਡਾਂ ਵਿੱਚ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਕੇਂਦਰ ਸਰਕਾਰ ਨਾਲ ਸਬੰਧਿਤ ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਦੇ ਪਿੰਡਾਂ ਵਿੱਚ ਦਾਖ਼ਲੇ 'ਤੇ ਪਬੰਦੀ ਲਗਾਈ ਗਈ ਹੈ, ਕਿਉਂਕਿ ਖੇਤੀ ਆਰਡੀਨੈਂਸ ਕੇਂਦਰ ਸਰਕਾਰ ਨੇ ਲਾਗੂ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਹੁਣ ਜੋ ਵੀ ਅਕਾਲੀ-ਭਾਜਪਾ ਆਗੂ ਪਿੰਡਾਂ ਵਿੱਚ ਆਵੇਗਾ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ ਅਤੇ ਖੇਤੀ ਆਰਡੀਨੈਂਸ ਸਬੰਧੀ ਜਵਾਬ ਮੰਗੇ ਜਾਣਗੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਦਿਨੋਂ-ਦਿਨ ਤੇਜ਼ ਹੁੰਦਾ ਜਾਵੇਗਾ। ਇਸ ਸੰਘਰਸ਼ ਤਹਿਤ ਪਿੰਡਾਂ ਵਿੱਚ ਢੋਲ ਮਾਰਚ, ਅਰਥੀ ਫੂਕ ਪ੍ਰਦਰਸ਼ਨ ਵੀ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਔਰਤਾਂ ਤੇ ਨੌਜਵਾਨਾਂ ਨੂੰ ਵੀ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸਾਨਾਂ ਦੀਆਂ ਜ਼ਮੀਨਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਜਿੰਨਾ ਸਮਾਂ ਖੇਤੀ ਆਰਡੀਨੈਂਸ ਰੱਦ ਨਹੀਂ ਹੁੰਦੇ, ਸੰਘਰਸ਼ ਤੋਂ ਕਿਸਾਨ ਪਿੱਛੇ ਨਹੀਂ ਹਟਣਗੇ।