ਬਰਨਾਲਾ: ਪੰਜਾਬ ਵਿੱਚ ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹਨ। ਉੱਥੇ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਾ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਦੇ ਵਲੰਟੀਅਰਾਂ ਦੀ ਇਕ ਵੱਡੀ ਮੀਟਿੰਗ ਬਰਨਾਲਾ ਦੇ ਗੈਸਟ ਹਾਊਸ ਵਿੱਚ ਹੋਈ।
ਸਮੂਹ ਵਲੰਟੀਅਰਾਂ ਵੱਲੋਂ ਸਾਂਝੇ ਤੌਰ 'ਤੇ ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਬਣਾਉਣ ਲਈ ਹਾਈ ਕਮਾਂਡ ਅੱਗੇ ਮੰਗ ਰੱਖੀ ਹੈ। ਵਲੰਟੀਅਰਾਂ ਵੱਲੋਂ ਭਗਵੰਤ ਮਾਨ ਤੋਂ ਬਿਨਾਂ ਕਿਸੇ ਵੀ ਹੋਰ ਚਿਹਰੇ ਨੂੰ ਸੀਐਮ ਚਿਹਰਾ ਸਵੀਕਾਰ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਬਿਲਕੁਲ ਸਿਰ ਉੱਤੇ ਆ ਗਈਆਂ ਹਨ, ਪ੍ਰੰਤੂ ਪਾਰਟੀ ਵੱਲੋਂ ਸੀਐਮ ਦਾ ਚਿਹਰਾ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ। 2017 ਚੋਣਾਂ ਵਿੱਚ ਵੀ ਪਾਰਟੀ ਦੀ ਹਾਰ ਲਈ ਵੱਡੀ ਗ਼ਲਤੀ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਿਆ ਜਾਣਾ ਸੀ। ਹੁਣ ਵੀ ਜਦੋਂ ਪਾਰਟੀ ਵਰਕਰ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਘਰ ਘਰ ਜਾ ਰਹੇ ਹਨ ਤਾਂ ਲੋਕਾਂ ਵੱਲੋਂ ਇੱਕੋ ਸਵਾਲ ਕੀਤਾ ਜਾ ਰਿਹਾ ਹੈ ਕਿ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਵਲੰਟੀਅਰਾਂ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਬਣਾਏ ਜਾਣ ਦੀ ਮੰਗ ਪਾਰਟੀ ਹਾਈ ਕਮਾਨ ਅਰਵਿੰਦ ਕੇਜਰੀਵਾਲ ਤੋਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਭਗਵੰਤ ਮਾਨ ਤੋਂ ਬਿਨਾ ਕਿਸੇ ਹੋਈ ਨੇਤਾ ਨੂੰ ਸੀਐਮ ਦਾ ਚਿਹਰਾ ਬਣਾਵੇਗੀ ਤਾਂ ਉਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦਾ ਵਜੂਦ ਭਗਵੰਤ ਮਾਨ ਨਾਲ ਹੀ ਹੈ, ਅਤੇ ਲੋਕਾਂ ਨੂੰ ਜਗਾਉਣ ਵਿੱਚ ਭਗਵੰਤ ਮਾਨ ਦਾ ਅਹਿਮ ਰੋਲ ਰਿਹਾ ਹੈ। ਜਿਸ ਕਰਕੇ ਪਾਰਟੀ ਹਾਈ ਕਮਾਂਡ ਨੂੰ ਵਲੰਟੀਅਰਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਜਲਦ ਤੋਂ ਜਲਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋਂ:ਕਾਂਗਰਸ ‘ਚ ਸਭ ਕੁਝ ਠੀਕ ਨਹੀਂ:ਰਾਵਤ