ਬਰਨਾਲਾ: ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਿਰੋਧ ਕੀਤਾ। 'ਆਪ' ਆਗੂਆਂ' ਨੇ ਕੈਬਿਨੇਟ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਸਾੜ ਕੇ ਰੋਸ ਪ੍ਰਗਟਾਇਆ। ਉਨ੍ਹਾਂ ਕੈਬਿਨੇਟ ਮੰਤਰੀ ਦੇ ਨੂੰ ਮੰਤਰੀ ਮੰਡਲ 'ਚੋਂ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ।
'ਆਪ' ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਐਸਸੀ ਵਿਦਿਆਰਥੀਆਂ ਦੇ ਵਜ਼ੀਫੇ ਵਿੱਚ ਫਰਜ਼ੀ ਦੇਣਦਾਰੀਆਂ ਦਿਖਾ ਕੇ 64 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ। ਇਹ ਮਾਮਲਾ ਉਨ੍ਹਾਂ ਦੇ ਹੀ ਵਿਭਾਗ ਦੇ ਉੱਚ ਅਧਿਕਾਰੀ ਵੱਲੋਂ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਕੈਪਟਨ ਸਰਕਾਰ ਦਲਿਤਾਂ ਵਰਗ ਦੇ ਲੋਕਾਂ ਨੂੰ ਉੱਪਰ ਚੁੱਕਣ ਦੀ ਗੱਲ ਕਹਿ ਰਹੀ ਹੈ ਤੇ ਦੂਜੇ ਪਾਸੇ ਕੈਬਿਨੇਟ ਮੰਤਰੀ ਧਰਮਸੋਤ ਉਨ੍ਹਾਂ ਲੋਕਾਂ ਦੇ ਹੱਕ ਦੇ ਪੈਸੇ ਹੜਪ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਧਰਮਸੋਤ ਨੂੰ ਇਸ ਘੁਟਾਲੇ ਵਿੱਚ ਬਚਾਉਣ ਦੀ ਕੋਸ਼ਿਸ ਕਰ ਰਹੇ ਹਨ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਮੰਗ ਕੀਤੀ ਕਿ ਧਰਮਸੋਤ ਨੇ ਜਿਹੜਾ 64 ਕਰੋੜ ਦਾ ਘੁਟਾਲਾ ਕੀਤਾ ਹੈ, ਉਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਧਰਮਸੋਤ ਨੂੰ ਅਹੁੱਦੇ ਤੋਂ ਵੀ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਐਸਸੀ ਵਿਦਿਆਰਥੀਆਂ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖੇਗੀ। ਰਹੇਗੀ।
ਆਪ ਆਗੂਆਂ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਵਰਗੇ ਦਲਿਤਾਂ ਦੇ ਆਗੂ ਅਖਵਾਉਂਦੇ ਹਨ। ਇਸ ਦੇ ਵਾਬਜੂਦ ਇਨ੍ਹਾਂ ਨੇ ਗ਼ਰੀਬ ਵਿਦਿਆਰਥੀਆਂ ਦੇ ਵਜ਼ੀਫ਼ਿਆਂ ਦਾ ਗਬਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਮੰਤਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਇਸ ਭ੍ਰਿਸ਼ਟ ਮੰਤਰੀ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ, ਪਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਨ੍ਹਾਂ ਸਾਰੇ ਭ੍ਰਿਸ਼ਟ ਲੀਡਰਾਂ ਦਾ ਹਿਸਾਬ ਕੀਤਾ ਜਾਵੇਗਾ।