ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਲੋਕਾਂ ਲਈ ਆਮ ਆਦਮੀ ਪਾਰਟੀ ਵਲੋਂ ਬਰਨਾਲਾ ਸ਼ਹਿਰ ਵਿੱਚ ਪਾਰਟੀ ਦਾ ਜ਼ਿਲ੍ਹਾ ਪੱਧਰੀ ਦਫ਼ਤਰ ਖੋਲ੍ਹਿਆ ਗਿਆ। ਜਿਸਦਾ ਉਦਘਾਟਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤਾ ਗਿਆ। ਉਦਘਾਟਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਪਾਠ ਕਰਵਾਏ ਗਏ ਅਤੇ ਅਰਦਾਸ ਉਪਰੰਤ ਦਫ਼ਤਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ਜ਼ਿਲ੍ਹੇ ਭਰ ਵਿੱਚੋਂ ਪਾਰਟੀ ਦੇ ਵਰਕਰ, ਆਗੂ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਕੰਮਕਾਜਾਂ ਲਈ ਖੱਜਲ ਖੁਆਰੀ ਤੋਂ ਬਚਾਉਣ ਲਈ ਪਾਰਟੀ ਵੱਲੋਂ ਦਫ਼ਤਰ ਖੋਲ੍ਹ ਕੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਵਿਅਕਤੀ ਵੱਖੋ ਵੱਖਰੇ ਅਦਾਰਿਆਂ ਵਿਚ ਖੱਜਲ ਖੁਆਰ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਦਫਤਰ ਨੂੰ ਆਪ ਖੁਦ ਦੇਖਣਗੇ ਅਤੇ ਇਕ ਸਮੁੱਚੀ ਟੀਮ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਾਉਣ ਵਿਚ ਸਹਿਯੋਗ ਕੀਤਾ ਜਾਵੇਗਾ।
ਦੂਜੇ ਪਾਸੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੇਟਲਿਫਟਰ ਵਿੱਚ ਖਿਡਾਰੀ ਹਰਜਿੰਦਰ ਕੌਰ ਵੱਲੋਂ ਬਰਾਊਂਜ਼ ਮੈਡਲ ਜਿੱਤਣ ਦੀ ਖੁਸ਼ੀ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਆਪ ਖੁਦ ਜਾ ਕੇ ਉਨ੍ਹਾਂ ਦੇ ਘਰ ਪਰਿਵਾਰ ਨੂੰ ਮਿਲਣਗੇ। ਪੰਜਾਬ ਸਰਕਾਰ ਵੱਲੋਂ ਵੀ ਬਣਦਾ ਮਾਣ ਸਨਮਾਨ ਇਸ ਖਿਡਾਰਣ ਨੂੰ ਦਿੱਤਾ ਜਾਵੇਗਾ। ਖਿਡਾਰਣ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਗੱਲ ਕਰਵਾਉਣ ਦਾ ਵਾਅਦਾ ਕਰਦਿਆਂ ਸਰਕਾਰ ਵੱਲੋਂ ਖਿਡਾਰੀਆਂ ਨੂੰ ਮਾਣ ਸਨਮਾਨ ਦੀ ਗੱਲ ਆਖੀ।
ਜ਼ਿਕਰਯੋਗ ਹੈ ਕਿ ਕਾਮਨਵੈਲਥ ਖੇਡਾਂ ਵਿੱਚ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਨਾਭਾ ਦੀ ਧੀ ਹਰਜਿੰਦਰ ਕੌਰ ਨੇ ਵੇਟ ਲਿਫਟਿੰਗ ਵਿਚ ਕਾਂਸੀ ਦਾ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉੱਥੇ ਧੀਆਂ ਲਈ ਵੀ ਬਹੁਤ ਵੱਡਾ ਸੁਨੇਹਾ ਦਿੱਤਾ ਹੈ ਕਿ ਗ਼ਰੀਬੀ ਵਿੱਚੋਂ ਉੱਠ ਕੇ ਆਪਣੀ ਮਿਹਨਤ ਨਾਲ ਖੇਡਾਂ ਵਿੱਚ ਇਤਿਹਾਸ ਰਚੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਹੁਣ ਫਰੀਦਕੋਟ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਦਾ ਟ੍ਰਾਂਜਿਟ ਰਿਮਾਂਡ. ਜਾਣੋ ਮਾਮਲਾ