ਬਰਨਾਲਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 (2022 Punjab Assembly Election) ਨੂੰ ਲੈ ਕੇ ਸਿਆਸੀ ਮਾਹੌਲ ਲਗਾਤਾਰ ਗਰਮਾਇਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਬਰਨਾਲਾ ਜਿਲ੍ਹੇ ਦੇ ਭਦੌੜ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਕਾਂਗਰਸ ਪਾਰਟੀ ਵਲੋਂ ਚੋਣ ਲੜਨ ਨਾਲ ਪੂਰੇ ਜਿਲ੍ਹੇ ਦੀ ਸਿਆਸਤ ਹੋਰ ਭਖ ਗਈ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਉਮੀਦਵਾਰ ਅਤੇ ਸੂਬਾ ਯੂਥ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੱਡਾ ਲੀਡਰ ਆਪਣਾ ਹਲਕਾ ਛੱਡ ਕੇ ਵੱਡੇ ਲੀਡਰ ਖਿਲਾਫ ਚੋਣ ਲੜੇ ਤਾਂ ਸਮਝ ਆਉਂਦੀ ਹੈ, ਪਰ ਜਦੋਂ ਸੀਐਮ ਚੰਨੀ ਇੱਕ ਆਮ ਵਿਅਕਤੀ ਜੋ ਆਪ ਦਾ ਉਮੀਦਵਾਰ ਹੈ, ਜਿਸ ਕੋਲ ਸਿਰਫ਼ ਇੱਕ ਮੋਟਰਸਾਈਕਲ ਹੈ, ਉਸ ਖਿਲਾਫ ਚੋਣ ਲੜਨ ਆਵੇ, ਤਾਂ ਲੋਕ ਸਮਝਦੇ ਹਨ ਕਿ ਮੁੱਖ ਮੰਤਰੀ ਚੰਨੀ ਆਪਣਾ ਜ਼ੱਦੀ ਹਲਕੇ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਦੌੜ ਹਲਕੇ ਦੇ ਲੋਕ ਸਿਆਣੇ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਇੱਕ ਭ੍ਰਿਸ਼ਟ ਮੰਤਰੀ ਹਨ, ਜਿਹਨਾਂ ’ਤੇ ਰੇਤਾ ਚੋਰੀ ਦੇ ਦੋਸ਼ ਹਨ।
ਸੀਐੱਮ ਚੰਨੀ ਦੀਆਂ ਹੋਣਗੀਆਂ ਜਮਾਨਤ ਜ਼ਬਤ-ਮੀਤ ਹੇਅਰ
ਭਦੌੜ ਦੇ ਲੋਕ ਮੁੱਖ ਮੰਤਰੀ ਚੰਨੀ ਨੂੰ ਹਲਕਾ ਭਦੌੜ ਦੇ ਲੋਕ ਹਰਾ ਕੇ ਭੇਜਣਗੇ ਅਤੇ ਆਮ ਆਦਮੀ ਪਾਰਟੀ ਦੇ ਲਾਭ ਸਿੰਘ ਉਗੋਕੇ ਦੀ ਜਿੱਤ ਹੋਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਜ਼ਮਾਨਤ ਜ਼ਬਤ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਹਲਕਿਆਂ ਤੋਂ ਹੋਵੇਗੀ।
ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸੀਐਮ ਚਿਹਰੇ ਨੂੰ ਕਾਂਗਰਸ ਪਾਰਟੀ ਵਿੱਚ ਖਿਲਾਰਾ ਪਿਆ ਹੋਇਆ ਹੈ। ਚਰਨਜੀਤ ਚੰਨੀ ਅਤੇ ਨਜਵੋਤ ਸਿੱਧੂ ਆਹਮੋ ਸਾਹਮਣੇ ਹਨ। ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਵਾਂਗ ਸੀਐਮ ਚਿਹਰੇ ਦਾ ਐਲਾਨ ਕਰਕੇ ਚੋਣ ਲੜਨ ਦਾ ਦਮ ਦਿਖਾਵੇ।
ਇਹ ਵੀ ਪੜੋ: 'ਕੇਂਦਰੀ ਬਜਟ ਪੰਜਾਬ ਦੇ ਕਿਸਾਨਾਂ ਲਈ ਸਿਰਫ ਕਾਗਜੀ ਕਾਰਵਾਈ'