ਬਰਨਾਲਾ: ਪਿੰਡ ਕਰਮਗੜ੍ਹ ਦੇ ਫੌਜੀ ਜਵਾਨ ਅਮਰਦੀਪ ਸਿੰਘ ਲੇਹ ਲੱਦਾਖ ਵਿੱਚ ਗਲੇਸ਼ੀਅਰ ਥੱਲੇ ਦਬਣ ਕਾਰਨ ਸ਼ਹੀਦ ਹੋ ਗਿਆ। ਘਟਨਾ ਬਾਰੇ ਪਤਾ ਲੱਗਣ 'ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਅਮਰਦੀਪ ਦਾ ਜੱਦੀ ਪਿੰਡ ਫੂਲ ਹੈ, ਪਰ ਉਹ ਬਚਪਨ ਤੋਂ ਆਪਣੀ ਭੂਆ ਤੇ ਫੁੱਫੜ ਕੋਲ ਪਿੰਡ ਕਰਮਗਡ਼੍ਹ 'ਚ ਰਹਿ ਰਿਹਾ ਸੀ। ਜਿੱਥੇ ਉਸ ਨੇ ਪਹਿਲੀ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਸੀ। 2018 ਵਿਚ ਉਹ ਫੌਜ ਵਿੱਚ ਭਰਤੀ ਹੋਇਆ ਸੀ।
ਇਸ ਸਬੰਧੀ ਗੱਲਬਾਤ ਕਰਦਿਆਂ ਸ਼ਹੀਦ ਅਮਰਦੀਪ ਦੇ ਫੁੱਫੜ ਨੇ ਦੱਸਿਆ ਕਿ ਅਮਰਦੀਪ ਦੀ ਛੋਟੇ ਹੁੰਦੇ ਮਾਤਾ ਦੀ ਮੌਤ ਹੋਣ ਕਾਰਨ ਉਹ ਉਨ੍ਹਾਂ ਕੋਲ ਕਰਮਗੜ੍ਹ ਹੀ ਰਹਿੰਦਾ ਸੀ। ਜਿੱਥੇ ਉਸਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ ਅਤੇ 2018 'ਚ ਉਹ ਫੌਜ ਵਿਚ ਭਰਤੀ ਹੋਇਆ ਸੀ। ਫੋਨ 'ਤੇ ਅਕਸਰ ਉਨ੍ਹਾਂ ਦੀ ਅਮਰਦੀਪ ਨਾਲ ਗੱਲ ਹੁੰਦੀ ਰਹਿੰਦੀ ਸੀ ਅਤੇ ਉਸਨੇ ਕੁਝ ਦਿਨਾਂ ਬਾਅਦ ਹੀ ਛੁੱਟੀ ਆਉਣਾ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ। ਉਹਦੀ ਸ਼ਹਾਦਤ ਬਾਰੇ ਫੌਜ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ।ਉੱਧਰੇ ਪਿੰਡ ਦੇ ਸਾਬਕਾ ਸਰਪੰਚ ਜਗਦੇਵ ਸਿੰਘ ਨੇ ਦੱਸਿਆ ਕਿ ਸ਼ਹੀਦ ਫੌਜੀ ਅਮਰਦੀਪ ਦਾ ਪਰਿਵਾਰਕ ਗ਼ਰੀਬ ਪਰਿਵਾਰ ਹੈ। ਅਮਰਦੀਪ ਬਹੁਤ ਮਿਹਨਤ ਨਾਲ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ ਹੁਣ ਪਰਿਵਾਰ ਦੀ ਆਰਥਿਕ ਹਾਲਤ ਵਿਚ ਕੁਝ ਸੁਧਾਰ ਹੋਇਆ ਸੀ।
ਉਸ ਦੀ ਸ਼ਹਾਦਤ ਦੀ ਖਬਰ ਸੁਣ ਕੇ ਸਾਰਾ ਪਿੰਡ ਹੀ ਸੋਗ ਵਿਚ ਡੁੱਬਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਅਮਰਦੀਪ ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਪਿੰਡ ਆਵੇਗੀ।
ਇਹ ਵੀ ਪੜ੍ਹੋ: ਦੂਜੇ ਸੂਬਿਆਂ 'ਚ ਮਜ਼ਦੂਰੀ ਕਰ ਗੁਜ਼ਾਰਾ ਕਰਨ ਵਾਲਾ ਅੱਜ ਬਣਿਆ ਵਪਾਰੀ