ਬਰਨਾਲਾ: ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਬਡਬਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਲਾਇਬ੍ਰੇਰੀ ਅੱਜ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੀ ਅਤੇ ਨਾਲ ਹੀ 2.64 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਿਰੰਤਰ ਪੰਜਾਬ ਵਾਸੀਆਂ ਲਈ ਕੰਮ ਕਰ ਰਹੀ ਪੰਜਾਬ ਸਰਕਾਰ ਬੱਚੇ ਅਤੇ ਨੌਜਵਾਨਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਲਾਇਬ੍ਰੇਰੀ ਰਾਹੀਂ ਨਾ ਸਿਰਫ ਸਕੂਲੀ ਵਿਦਿਆਰਥੀਆਂ ਲਈ ਗਿਆਨ ਦੇ ਨਵੇਂ ਦਰਵਾਜ਼ੇ ਖੁੱਲ੍ਹਣਗੇ ਬਲਕਿ ਨਾਲ ਹੀ ਪਿੰਡ ਦੇ ਨੌਜਵਾਨਾਂ ਨੂੰ ਵੀ ਆਪਣਾ ਗਿਆਨ ਵਧਾਉਣ ਦੇ ਮੌਕੇ ਮਿਲਣਗੇ।
ਹੋਰ ਪ੍ਰਾਜੈਕਟਾਂ ਦੇ ਰੱਖੇ ਨੀਂਹ ਪੱਥਰ : ਮੰਤਰੀ ਮੀਤ ਹੇਅਰ ਨੇ ਪਿੰਡ ਦੇ ਛੱਪੜ ਦੇ ਨਵੀਨੀਕਰਨ ਸਬੰਧੀ ਕਰਵਾਏ ਜਾਣ ਵਾਲੇ ਕੰਮ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਪਿੰਡ ਵਿੱਚ 2.64 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਪਿੰਡ ਦੇ ਛੱਪੜ ਦੇ ਨਵੀਨੀਕਰਨ ਉੱਤੇ 47 ਲੱਖ ਰੁਪਏ ਅਤੇ ਉਸ ਦੀ ਖੂਬਸੂਰਤੀ ਵਧਾਉਣ ਉੱਤੇ 19 ਲੱਖ ਰੁਪਏ ਖ਼ਰਚੇ ਜਾ ਰਹੇ ਹਨ। ਇਸੇ ਤਰ੍ਹਾਂ ਪਿੰਡ ਵਿਚ ਖੇਤਾਂ ਨੂੰ ਖਾਕ ਦਾ ਪਾਣੀ ਦੇਣ ਲਈ ਜ਼ਮੀਨਦੋਜ਼ ਪਾਇਪ ਲਾਈਨ ਦਾ ਕੰਮ 11.29 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਪੰਚਾਇਤ ਘਰ ਦਾ ਕੰਮ 40 ਲੱਖ ਰੁਪਏ ਦੀ ਲਾਗਤ ਨਾਲ ਅਤੇ ਸਪੋਰਟਸ ਪਾਰਕ ਦੀ ਉਸਾਰੀ ਉੱਤੇ ਵੀ 40 ਲੱਖ ਰੁਪਏ ਖ਼ਰਚੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 7.48 ਲੱਖ ਰੁਪਏ ਠੋਸ ਕੂੜੇ ਦੇ ਪ੍ਰਬੰਧਨ ਲਈ ਖ਼ਰਚੇ ਜਾ ਰਹੇ ਹਨ।0ਇਸ ਮੌਕੇ ਉਨ੍ਹਾਂ ਨਾਲ ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ ਨਰਿੰਦਰ ਸਿੰਘ ਧਾਲੀਵਾਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਪਿੰਡ ਬਡਬਰ ਵਿਖੇ ਮਨੁੱਖ ਨਿਰਮਤ ਜਲਗਾਹ 60 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਜਲਗਾਹ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਦੇ ਬਣਨ ਨਾਲ ਬਡਬਰ ਵਿਖੇ ਜੰਗਲੀ ਜੀਵ ਅਤੇ ਪੌਦਿਆਂ ਵਿੱਚ ਵਿਸਤਾਰ ਹੋਵੇਗਾ। (ਪ੍ਰੈਸ ਨੋਟ)