ਬਰਨਾਲਾ: ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬਣਾਏ ਗਏ ਮਕਾਨ ਲੋੜਵੰਦ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਇਸ ਯੋਜਨਾ ਅਧੀਨ ਮਕਾਨ ਬਣਾਉਣ ਲਈ ਲੋੜਵੰਦਾਂ ਨੂੰ ਜਿੱਥੇ 1.20 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ, ਉਥੇ 90 ਦਿਹਾੜੀਆਂ ਦਾ ਮਿਹਨਤਾਨਾ ਵੀ ਦਿੱਤਾ ਜਾਂਦਾ ਹੈ। ਇਹ ਯੋਜਨਾ ਮਹਿਲ ਕਲਾਂ ਬਲਾਕ ਦੇ ਪਿੰਡ ਨਿਹਾਲੂਵਾਲ ਦੇ ਸ਼ੇਰਦੀਨ ਖਾਂ ਲਈ ਵਰਦਾਨ ਸਾਬਿਤ ਹੋਈ ਹੈ, ਜਿਸ ਨੇ ਹੁਣ ਤੱਕ ਦੀ ਸਾਰੀ ਉਮਰ ਕੱਚੇ ਘਰ ਵਿੱਚ ਗੁਜ਼ਾਰੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ 2016-20 ਦੇ ਟੀਚੇ ਅਧੀਨ ਹੁਣ ਤੱਕ 217 ਘਰ ਬਣ ਚੁੱਕੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਆਦਿਤਯ ਡੇਚਲਵਾਲ ਵੱਲੋਂ ਯੋਜਨਾ ਅਧੀਨ ਬਲਾਕ ਮਹਿਲ ਕਲਾਂ ਦੇ ਪਿੰਡ ਨਿਹਾਲੂਵਾਲ ਵਿਖੇ ਲਾਭਪਾਤਰੀ ਸ਼ੇਰਦੀਨ ਖਾਂ ਦੇ ਮਕਾਨ ਦਾ ਉਦਘਾਟਨ ਕੀਤਾ ਗਿਆ ਅਤੇ ਮਕਾਨ ਮਾਲਕ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲੋਗੋ ਭੇਟ ਕੀਤਾ।
ਪੀਐਮਏਵਾਈ (ਜੀ) ਸਕੀਮ ਕੋਆਰਡੀਨੇਟਰ ਪੁਨੀਤ ਮੈਨਨ ਨੇ ਦੱਸਿਆ ਕਿ ਆਵਾਸ ਯੋਜਨਾ ਸਕੀਮ ਅਧੀਨ ਲਾਭਪਾਤਰੀ ਨੂੰ ਘਰ ਬਣਾਉਣ ਲਈ 1 ਲੱਖ 20 ਹਜ਼ਾਰ ਰੁਪਏ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਦੇਣ ਤੋਂ ਇਲਾਵਾ ਮਨਰੇਗਾ ਸਕੀਮ ਅਧੀਨ 90 ਦਿਹਾੜੀਆਂ ਦਾ ਮਿਹਨਤਾਨਾ ਵੀ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਖਹਿਰਾ ਦੇ ਘਰ ਹੋਈ ਰੇਡ ਦਾ ਮਾਮਲਾ ਵਿਧਾਨ ਸਭਾ 'ਚ ਗੂੰਜਿਆ, ਸਿਆਸਤ ਭਖੀ
ਇਸ ਉਦਘਾਟਨ ਸਮਾਗਮ ਮੌਕੇ ਸਾਬਕਾ ਵਿਧਾਇਕ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਇਹ ਸਕੀਮ ਲੋੜਵੰਦਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।
60 ਸਾਲਾ ਲਾਭਪਾਤਰੀ ਸ਼ੇਰਦੀਨ ਖਾਂ ਨੇ ਦੱਸਿਆ ਕਿ ਉਸ ਨੇ ਜਦੋਂ ਤੋਂ ਸੁਰਤ ਸੰਭਾਲੀ ਹੈ, ਉਹ ਕੱਚੇ ਮਕਾਨ ਵਿੱਚ ਰਹਿ ਰਿਹਾ ਸੀ ਤੇ ਮੌਜੂਦਾ ਸਮੇਂ ਤੱਕ ਉਸ ਦੇ ਮਕਾਨ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ। ਦਿਹਾੜੀਦਾਰ ਸ਼ੇਰਦੀਨ ਨੇ ਦੱਸਿਆ ਕਿ ਉਸ ਦੀ ਕੋਈ ਔਲਾਦ ਨਹੀਂ ਹੈ ਅਤੇ ਉਹ ਅਤੇ ਉਸ ਦੀ ਪਤਨੀ ਕੱਚੇ ਮਕਾਨ ਵਿੱਚ ਜ਼ਿੰਦਗੀ ਬਸਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਕੀਮ ਅਤੇ ਪ੍ਰਸ਼ਾਸਨ ਦੇ ਉਪਰਾਲਿਆਂ ਨਾਲ ਉਸ ਨੂੰ ਆਖਰ ਪੱਕਾ ਘਰ ਨਸੀਬ ਹੋ ਗਿਆ ਹੈ।