ਬਰਨਾਲਾ: ਬਰਨਾਲਾ ਦੇ ਨੌਜਵਾਨਾਂ ਨੂੰ ਗਰਮੀ ਤੋਂ ਰਾਹਤ ਪਾਉਣੀ ਉਸ ਵੇਲੇ ਮਹਿੰਗੀ ਪੈ ਗਈ, ਜਦੋਂ ਨਹਿਰ ਵਿੱਚ ਨਹਾਉਣ ਗਏ 2 ਨੌਜਵਾਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਜ਼ਿਲ੍ਹਾ ਬਰਨਾਲਾ ਦੇ 3 ਨੌਜਵਾਨ ਬਰਨਾਲਾ ਤੋਂ ਬਰਨਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਬਣੀ ਹਰੀਗੜ੍ਹ ਨਹਿਰ 'ਚ ਨਹਾਉਣ ਲਈ ਗਏ ਸਨ। ਜਿਹਨਾਂ ਵਿੱਚੋਂ 2 ਨੌਜਵਾਨਾਂ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ, ਜਦ ਕਿ 1 ਨੌਜਵਾਨ ਦੀ ਜਾਨ ਬਚ ਗਈ। ਇਨ੍ਹਾਂ ਤਿੰਨਾਂ ਦੋਸਤਾਂ ਦੀ ਉਮਰ ਕਰੀਬ 25-26 ਸਾਲ ਹੈ।
ਬਚੇ ਨੌਜਵਾਨ ਨੇ ਦੱਸੀ ਹੱਡਬੀਤੀ:- ਇਸ ਘਟਨਾ ਵਿੱਚ ਬਚੇ ਨੌਜਵਾਨ ਸਰਤਾਜ ਨੇ ਸਾਰੀ ਜਾਣਕਾਰੀ ਸਾਂਝੀ ਦੱਸਿਆ ਕਿਹਾ ਕਿ ਉਹ ਆਪਣੇ ਮਿੱਤਰਾਂ ਨਾਲ ਹਰੀਗੜ੍ਹ ਨਹਿਰ ਵਿੱਚ ਨਹਾਉਣ ਗਿਆ ਸੀ। ਉਹ ਨਹਿਰ ਦੇ ਕੰਢੇ ਪੱਥਰ ’ਤੇ ਖੜ੍ਹਾ ਇਸ਼ਨਾਨ ਕਰ ਰਿਹਾ ਸੀ ਤਾਂ ਬਾਕੀ 2 ਦੋਸਤ ਗੱਲਾਂ ਕਰਦੇ ਹੋਏ ਨਹਿਰ ਦੀ ਡੂੰਘੀ ਖੱਡ ਵਿੱਚ ਡਿੱਗ ਪਏ। ਇਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ। ਜਿਸ ਤੋਂ ਬਾਅਦ ਦੋਸਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ। ਉਹਨਾਂ ਦੱਸਿਆ ਕਿ ਉਸ ਦਾ ਦੋਸਤ ਜਿਸ ਟੋਏ ਵਿੱਚ ਡਿੱਗਿਆ ਉਹ 20 ਫੁੱਟ ਡੂੰਘਾ ਸੀ।
ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੇ ਸੁਣਾਇਆ ਦੁੱਖੜਾ:- ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਤਿੰਨੋਂ ਦੋਸਤ ਗੁਰਪ੍ਰੀਤ ਸਿੰਘ, ਵਿਜੇ ਕੁਮਾਰ ਅਤੇ ਸਰਤਾਜ ਗਰਮੀ ਤੋਂ ਰਾਹਤ ਪਾਉਣ ਲਈ ਪਿੰਡ ਹਰੀਗੜ੍ਹ ਵਿੱਚ ਨਹਿਰ ਵਿੱਚ ਨਹਾਉਣ ਗਏ ਸਨ। ਗੁਰਪ੍ਰੀਤ ਅਤੇ ਵਿਜੇ ਕੁਮਾਰ ਨਹਿਰ ਵਿੱਚ ਖੇਡਦੇ ਹੋਏ ਡੂੰਘੀ ਖਾਈ ਵਿੱਚ ਜਾ ਡਿੱਗੇ ਅਤੇ ਨਹਿਰ ਦੇ ਬਾਹਰ ਖੜੇ ਨੌਜਵਾਨ ਨੇ ਆਸਪਾਸ ਦੇ ਲੋਕਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ। ਇਨ੍ਹਾਂ ਨੌਜਵਾਨਾਂ ਨੂੰ ਕਈ ਘੰਟੇ ਨਹਿਰ 'ਚ ਲੱਭਦੇ ਰਹੇ ਪਰ ਉਹ ਨਹੀਂ ਮਿਲੇ, ਜਿਸ ਤੋਂ ਬਾਅਦ ਪਟਿਆਲਾ ਤੋਂ ਗੋਤਾਖੋਰ ਬੁਲਾਇਆ ਗਿਆ, ਜਿਹਨਾਂ ਨੇ 35000 ਰੁਪਏ ਦੀ ਮੰਗ ਕੀਤੀ।
ਸਾਰੇ ਨੌਜਵਾਨ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ ਅਤੇ ਪੈਸੇ ਦੇਣ ਤੋਂ ਅਸਮਰੱਥ ਸਨ, ਜਿਸ ਤੋਂ ਬਾਅਦ ਲੋਕਾਂ ਨੇ ਪੈਸੇ ਇਕੱਠੇ ਕਰਕੇ ਗੋਤਾਖੋਰਾਂ ਨੂੰ ਦਿੱਤੇ ਅਤੇ ਉਨ੍ਹਾਂ ਨੌਜਵਾਨਾਂ ਨੂੰ ਨਹਿਰ 'ਚੋਂ ਬਾਹਰ ਕੱਢ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੀ ਹਾਲਤ ਬਹੁਤ ਖਰਾਬ ਹੈ। ਜਿਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ।
ਪੁਲਿਸ ਵੱਲੋਂ ਮਾਮਲਾ ਦਰਜ:- ਇਸ ਸਾਰੀ ਘਟਨਾ ਬਾਰੇ ਗੱਲ ਕਰਦਿਆਂ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਬਰਨਾਲਾ ਦੇ 3 ਨੌਜਵਾਨ ਦੋਸਤ ਹਰੀਗੜ੍ਹ ਨਹਿਰ 'ਚ ਨਹਾਉਣ ਗਏ ਸਨ, ਪਰ ਉੱਥੇ ਹੀ ਡੂੰਘੇ ਪਾਣੀ 'ਚ ਡੁੱਬਣ ਕਾਰਨ 2 ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ। ਲਾਸ਼ਾਂ ਨੂੰ ਬਰਨਾਲਾ ਵਿਖੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਰਖਵਾਇਆ ਗਿਆ ਹੈ। ਉਸ ਦਾ ਇੱਕ ਸਾਥੀ ਵਾਲ-ਵਾਲ ਬਚ ਗਿਆ, ਕਿਉਂਕਿ ਮੌਕੇ 'ਤੇ ਉਸ ਦੇ ਡੂੰਘੇ ਪਾਣੀ 'ਚ ਹੋਣ ਦਾ ਪਤਾ ਨਹੀਂ ਚੱਲਿਆ। ਪੁਲਿਸ ਵੱਲੋਂ 174 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।