ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੌਰਾਨ ਨਿਊਜ਼ੀਲੈਂਡ ਤੋਂ ਆਏ ਵੱਡੀ ਗਿਣਤੀ ਪੰਜਾਬੀ ਜੋ ਪਾਬੰਦੀਆਂ ਕਾਰਨ ਵਾਪਸ ਨਹੀਂ ਜਾ ਸਕੇ ਸਨ, ਇਹਨਾਂ ਪੰਜਾਬੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਮਸਲੇ ਦੇ ਹੱਲ ਲਈ ਸਹਿਯੋਗ ਦੀ ਅਪੀਲ ਕੀਤੀ।
ਇਹ ਵੀ ਪੜੋ: ਨਵਜੋਤ ਸਿੱਧੂ ਨੇ ਪੰਜਾਬ ਚੋਣਾਂ ਲਈ 39 ਬੁਲਾਰੇ ਕੀਤੇ ਨਿਯੁਕਤ
ਇਸ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਿਊਜ਼ੀਲੈਂਡ ਦੀ ਸਿੱਖ ਸੰਸਥਾ ‘ਸਿੱਖ ਸੁਪਰੀਮ ਸੁਸਾਇਟੀ ਆਕਲੈਂਡ’ (Supreme Sikh Society) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨਾਲ ਜਿਥੇ ਫੋਨ ’ਤੇ ਗੱਲਬਾਤ ਕਰਕੇ ਮਸਲਾ ਹੱਲ ਕਰਨ ਲਈ ਕਿਹਾ, ਉਥੇ ਹੀ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਵੀ ਲਿਖਿਆ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਨ ਵਾਲੇ ਨਿਊਜ਼ੀਲੈਂਡ ਨਾਲ ਸਬੰਧਤ ਇਨ੍ਹਾਂ ਸਿੱਖ ਨੌਜਵਾਨਾਂ ਨੇ ਦੱਸਿਆ ਕਿ ਕੋਰੋਨਾ ਕਰਕੇ 800 ਦੇ ਕਰੀਬ ਪੰਜਾਬੀ ਲੋਕ ਵਾਪਸ ਨਿਊਜ਼ੀਲੈਂਡ ਨਾ ਜਾ ਸਕਣ ਕਰਕੇ ਪ੍ਰੇਸ਼ਾਨ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਪਰਿਵਾਰਕ ਮੈਂਬਰ ਵੀ ਉਥੇ ਹਨ। ਕੋਰੋਨਾ ਪਾਬੰਦੀਆਂ ਕਰਕੇ ਬੀਤੇ ਕਰੀਬ 2 ਸਾਲ ਤੋਂ ਉਨ੍ਹਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਅਤੇ ਇਸ ਦੌਰਾਨ ਬਹੁਤਿਆਂ ਦੇ ਵੀਜ਼ੇ ਮਿਆਦ ਵੀ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਹ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਿਊਜ਼ੀਲੈਂਡ ਵਿੱਚ ਰਹਿੰਦੇ ਪਰਿਵਾਰਕ ਮੈਂਬਰ ਵੀ ਮਾਨਸਿਕ ਪੀੜਾ ਵਿੱਚੋਂ ਲੰਘ ਰਹੇ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਇਨ੍ਹਾਂ ਸਿੱਖ ਨੌਜਵਾਨਾਂ ਦੀ ਗੱਲਬਾਤ ਮਗਰੋਂ ਨਿਊਜ਼ੀਲੈਂਡ ਦੀ ਵੱਡੀ ਸਿੱਖ ਸੰਸਥਾ ਵਜੋਂ ਕਾਰਜਸ਼ੀਲ ਸੁਪਰੀਮ ਸਿੱਖ ਸੁਸਾਇਟੀ (Supreme Sikh Society) ਨਾਲ ਰਾਬਤਾ ਬਣਾਉਂਦਿਆਂ ਪੀੜ੍ਹਤਾਂ ਦੀ ਮੱਦਦ ਲਈ ਕਿਹਾ ਹੈ।
ਗੱਲਬਾਤ ਦੌਰਾਨ ਐਡਵੋਕੇਟ ਧਾਮੀ ਨੂੰ ਸਿੱਖ ਸੁਪਰੀਮ ਸੁਸਾਇਟੀ (Supreme Sikh Society) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਦੇ ਹੱਲ ਲਈ ਉਹ ਸੰਜੀਦਾ ਹਨ ਅਤੇ ਯਤਨ ਕਰ ਰਹੇ ਹਨ ਕਿ ਭਾਰਤ ਗਏ ਇਨ੍ਹਾਂ ਨੌਜਵਾਨਾਂ ਦੀ ਜਲਦ ਵਾਪਸੀ ਹੋਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ।
ਇਹ ਵੀ ਪੜੋ: 'ਪੰਜਾਬ 'ਚ ਚੋਣਾਂ ਦਾ ਬਦਲਿਆ ਦਿਨ, 20 ਫਰਵਰੀ ਨੂੰ ਪੈਣਗੀਆਂ ਵੋਟਾਂ'
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸੇ ਦੌਰਾਨ ਸਿੱਖ ਸੁਪਰੀਮ ਸੁਸਾਇਟੀ ਆਕਲੈਂਡ (Supreme Sikh Society) ਦੇ ਪ੍ਰਧਾਨ ਨੂੰ ਪੱਤਰ ਵੀ ਲਿਖਿਆ ਹੈ, ਜਿਸ ਵਿਚ ਸਰਕਾਰ ਨਾਲ ਰਾਬਤਾ ਬਣਾ ਕੇ ਸਿੱਖ ਨੌਜਵਾਨਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਉਣ ਲਈ ਸੁਹਿਰਦਤਾ ਨਾਲ ਯਤਨ ਕਰਨ ਦੀ ਅਪੀਲ ਕੀਤੀ ਹੈ।