ਅੰਮ੍ਰਿਤਸਰ: ਥਾਣਾ ਗੇਟ ਹਕੀਮਾਂ ਦੇ ਅਧੀਨ ਪੈਂਦੇ ਇਲਾਕਾ ਢਪਈ ਦੇ ਏਕਤਾ ਨਗਰ ਵਿੱਚ ਅੱਧੀ ਰਾਤ ਨੂੰ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦਾ ਨਾਂ ਸਾਹਿਲ ਹੈ ਜਿਸਦੀ ਉਮਰ 23 ਹੈ ਅਤੇ ਉਹ ਸ਼ਾਦੀਸ਼ੁਦਾ ਹੈ ਉਸਦਾ ਇੱਕ ਸਾਢੇ ਚਾਰ ਸਾਲ ਦਾ ਬੇਟਾ ਵੀ ਹੈ। ਦੱਸ ਦਈਏ ਕਿ ਸਾਹਿਲ ਆਪਣੇ ਮਾਂ ਪਿਉ ਦਾ ਇਕਲੌਤਾ ਪੁੱਤਰ ਸੀ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਹਿਲ ਰਾਤ ਨੂੰ ਰੋਟੀ ਖਾ ਕੇ ਘਰੋਂ ਬਾਹਰ ਸੈਰ ਕਰਨ ਲਈ ਨਿਕਲਿਆ, ਜਿਵੇਂ ਹੀ ਉਹ ਘਰੋਂ ਬਾਹਰ ਆਇਆ ਤਾਂ ਤਿੰਨ ਮੋਟਰਸਾਇਕਲ ਸਵਾਰ ਨੌਜਵਾਨ ਆਏ ਜਿਨ੍ਹਾਂ ਚ ਦੋ ਨੇ ਉਸਦੇ ਹੱਥ ਫੜ ਲਏ ਤੇ ਤੀਜੇ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦੇ ਹੀ ਸਾਹਿਲ ਦਾ ਕਤਲ ਕੀਤਾ ਗਿਆ ਹੈ। ਫਿਲਹਾਲ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ।
ਇਹ ਵੀ ਪੜੋ: ਈ-ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਚੰਡੀਗੜ੍ਹ ਵਿੱਚ ਨਹੀਂ ਰਹੀ ਸਟੈਂਪ ਪੇਪਰ ਦੀ ਘਾਟ
ਉਧਰ ਮੌਕੇ ’ਤੇ ਪਹੁੰਚੇ ਏਸੀਪੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਂ ਸਾਹਿਲ ਹੈ ਤੇ ਉਹ ਢਪਈ ਦੇ ਏਕਤਾ ਨਗਰ ਦਾ ਰਹਿਣ ਵਾਲਾ ਹੈ। ਤਿੰਨ ਨੌਜਵਾਨਾਂ ਵੱਲੋਂ ਉਸਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰ ਲਿਆ ਹੈ ਹਨ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।