ਅੰਮ੍ਰਿਤਸਰ: ਸ਼ਹਿਰ ਦੇ ਸੁਲਤਾਨਵਿੰਡ ਰੋਡ 'ਤੇ ਕੂੜੇ ਸੁੱਟਣ ਨੂੰ ਲੈ ਕੇ ਇੱਕ ਔਰਤ ਦੀ ਭਾਰੀ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਸ਼ਹੀਦ ਊਧਮ ਸਿੰਘ ਨਗਰ ਵਿੱਚ ਗੁਆਂਢੀਆਂ ਵੱਲੋਂ ਔਰਤ ਦੀ ਕੁੱਟਮਾਰ ਕੀਤੇ ਜਾਣ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਜਾਂਚ ਅਰੰਭ ਦਿੱਤੀ ਹੈ।
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਜਸਪ੍ਰੀਤ ਕੌਰ ਅਤੇ ਉਸ ਦੇ ਪਤੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਗੁਆਂਢਣ ਨਾਲ ਕਿਸੇ ਗੱਲ 'ਤੇ ਥੋੜ੍ਹੀ ਜਿਹੀ ਬਹਿਸ ਹੋਈ ਸੀ ਪਰੰਤੂ ਕੋਈ ਵੱਡੀ ਗੱਲ ਨਹੀਂ ਸੀ। ਉਪਰੰਤ ਜਦੋਂ ਜਸਪ੍ਰੀਤ ਕੌਰ ਗਲੀ ਵਿੱਚ ਸਬਜ਼ੀ ਲੈਣ ਗਲੀ ਵਿੱਚ ਗਈ ਤਾਂ ਗੁਆਂਢੀ ਦਰਸ਼ਨ ਸਿੰਘ ਤੇ ਉਸਦੀ ਪਤਨੀ ਸਮੇਤ ਇੱਕ ਅਣਪਛਾਤੇ ਨੇ ਜਸਪ੍ਰੀਤ ਕੌਰ ਨੂੰ ਫੜ ਕੇ ਭਾਰੀ ਕੁੱਟਮਾਰ ਕੀਤੀ।
ਕੁੱਟਮਾਰ ਦੌਰਾਨ ਕਥਿਤ ਦੋਸ਼ੀਆਂ ਨੇ ਉਸ ਦੇ ਮੂੰਹ 'ਤੇ ਵਾਰ ਕੀਤੇ, ਜਿਸ ਕਾਰਨ ਉਸ ਦਾ ਜਬਾੜਾ ਟੁੱਟ ਗਿਆ। ਮੌਕੇ 'ਤੇ ਇੱਕ ਵਿਅਕਤੀ ਨੇ ਵਿੱਚ ਪੈ ਕੇ ਜਸਪ੍ਰੀਤ ਨੂੰ ਛੁਡਾਇਆ ਅਤੇ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਗੁਰਦੇਵ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੇ ਜਸਪ੍ਰੀਤ ਕੌਰ ਨੂੰ ਧਮਕੀਆਂ ਵੀ ਦਿੱਤੀਆਂ। ਉਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਿਰੁੱਧ ਪੁਲਿਸ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਸ ਨੇ ਮੁਲਜ਼ਮਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ, ਪੁਲਿਸ ਅਧਿਕਾਰੀ ਸ਼ਾਮ ਸੁੰਦਰ ਨੇ ਕਿਹਾ ਕਿ ਝਗੜਾ ਗਲੀ ਵਿੱਚ ਕੂੜੇ ਨੂੰ ਲੈ ਕੇ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀੜਤ ਔਰਤ ਦੇ ਬਿਆਨ ਦਰਜ ਕਰ ਲਏ ਹਨ। ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗੀ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।