ਅੰਮ੍ਰਿਤਸਰ: ਭਾਰਤ ਦੇਸ਼ ਵਿੱਚ ਆਸਥਾ ਦਾ ਬਹੁਤ ਮਹੱਤਵ ਹੈ ਇਸੇ ਲਈ ਇੱਥੇ ਹਰ ਇੱਕ ਤਿਉਹਾਰ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਉਥੇ ਹੀ ਅੱਜ 16 ਅਪਰੈਲ ਨੂੰ ਪਵਨ ਪੁੱਤਰ ਕੇਸਰੀ ਨੰਦਨ ਹਨੂੰਮਾਨ ਜੀ ਦਾ ਜਨਮ ਉਤਸਵ ਵੀ ਪੂਰੇ ਭਾਰਤ ਦੇ ਵਿੱਚ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਹਨੂੰਮਾਨ ਜੀ ਦਾ ਜਨਮ ਉਤਸਵ ਕਿਉਂ ਮਨਾਇਆ ਜਾਂਦਾ ਹੈ 2 ਵਾਰ: ਕਿਹਾ ਜਾਂਦਾ ਹੈ ਕਿ ਹਨੂੰਮਾਨ ਜੀ ਦਾ ਜਨਮ ਉਤਸਵ ਸਾਲ ’ਚ ਦੋ ਵਾਰ ਮਨਾਇਆ ਜਾਂਦਾ ਹੈ, ਇੱਕ ਵਾਰ ਚੇਤਰ ਦੇ ਮਹੀਨੇ ਤੇ ਦੂਜੀ ਵਾਰ ਕੱਤਕ ਦੇ ਮਹੀਨੇ। ਇਸ ਦੇ ਉੱਪਰ ਗੱਲ ਕਰਦਿਆਂ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਨਾ ਮੰਦਿਰ ਦੇ ਸ਼੍ਰੀ ਬੜਾ ਹਨੂੰਮਾਨ ਮੰਦਰ ਦੇ ਪੁਜ਼ਾਰੀ ਮਨੀਸ਼ ਸ਼ਾਸਤਰੀ ਨੇ ਦੱਸਿਆ ਕਿ ਹਨੂੰਮਾਨ ਜੀ ਦਾ ਜਨਮ ਉਤਸਵ ਸਾਲ ਦੇ ਵਿੱਚ ਦੋ ਵਾਰ ਮਨਾਇਆ ਜਾਂਦਾ ਹੈ ਇੱਕ ਵਾਰ ਚੇਤਰ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਿਮਾ ਵਾਲੇ ਦਿਨ ਅਤੇ ਦੂਸਰੀ ਵਾਰ ਕੱਤਕ ਦੇ ਮਹੀਨੇ ਦੀ ਚਤੁਰਦਸ਼ੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮਨਾਈ ਜਾਂਦੀ ਹੈ।
ਹਨੂੰਮਾਨ ਜੀ ਦੇ ਜਨਮ ਉਤਸਵ ਦਾ ਕੀ ਹੈ ਮਹੱਤਤਾ: ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਹਨੂੰਮਾਨ ਜੀ ਦੇ ਜਨਮ ਉਤਸਵ ਨੂੰ ਹਨੂਮਾਨ ਜੈਯੰਤੀ ਕਹਿ ਕੇ ਸੰਬੋਧਨ ਕਰਦੇ ਹਨ ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਜੈਯੰਤੀ ਸੰਸਾਰ ਦੇ ਵਿੱਚ ਜੋ ਮਹਾਂਪੁਰਖ ਆਉਂਦੇ ਹਨ ਉਨ੍ਹਾਂ ਦੀ ਮਨਾਈ ਜਾਂਦੀ ਹੈ ਜਦ ਕਿ ਭਗਵਾਨ ਦੀ ਜੈਅੰਤੀ ਨਹੀਂ ਜਨਮ ਉਤਸਵ ਹੁੰਦਾ ਹੈ। ਨਾਲ ਹੀ ਉਨ੍ਹਾਂ ਕਿਹਾ ਇਸ ਦਿਨ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਨਾ ਮੰਦਿਰ ਦੇ ਪੁਰਾਤਨ ਸ੍ਰੀ ਬੜਾ ਹਨੂੰਮਾਨ ਮੰਦਰ ਦੇ ਵਿੱਚ ਹਨੂੰਮਾਨ ਜੀ ਦੇ ਸਵਰੂਪ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ ਅਤੇ ਸੰਧੂਰ ਚੜ੍ਹਾਇਆ ਜਾਂਦਾ ਹੈ ਤੇ ਦੂਰ ਦਰਾਜ ਤੋਂ ਸੰਗਤ ਆ ਕੇ ਦਰਸ਼ਨਾਂ ਦਾ ਆਨੰਦ ਮਾਣਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਮੰਦਿਰ ਦੀ ਖ਼ਾਸ ਮਹੱਤਤਾ ਇਹ ਹੈ ਕਿ ਅੱਸੂ ਦੇ ਨਰਾਤਿਆਂ ਵਿੱਚ ਇਸ ਮੰਦਿਰ ਵਿੱਚ ਲੋਕ ਪੁੱਤਰ ਦੀ ਕਾਮਨਾ ਲਈ ਆਉਂਦੇ ਹਨ ਤੇ ਜਦੋਂ ਉਨ੍ਹਾਂ ਘਰ ਪੁੱਤਰ ਦੀ ਦਾਤ ਹੁੰਦੀ ਹੈ ਤੇ ਉਹ ਉਸਨੂੰ ਲੰਗੂਰ ਬਣਾ ਕੇ ਇੱਥੇ ਮੱਥਾ ਟਿਕਾਉਣ ਵੀ ਆਉਂਦੇ ਹਨ। ਦੇਸ਼ਾਂ ਵਿਦੇਸ਼ਾਂ ’ਚੋਂ ਸ਼ਰਧਾਲੂ ਅੱਸੂ ਦੇ ਨਰਾਤਿਆਂ ਵਿੱਚ ਇੱਥੇ ਪਹੁੰਚਦੇ ਹਨ ਤੇ ਆਪਣੇ ਬੱਚਿਆਂ ਨੂੰ ਲੰਗੂਰ ਦਾ ਬਾਣਾ ਪੁਆ ਕੇ ਇੱਥੇ ਨਰਾਤਿਆਂ ਤੋਂ ਲੈ ਕੇ ਦੁਸਹਿਰੇ ਤੱਕ ਮੱਥਾ ਟਿਕਾਉਣ ਲਈ ਲਿਆਉਂਦੇ ਹਨ ਤੇ ਦੁਸਹਿਰੇ ਵਾਲੇ ਦਿਨ ਰਾਵਣ ਨੂੰ ਸਾੜਨ ਤੋਂ ਬਾਅਦ ਇਹ ਸ਼ੀਤਲ ਸਰੋਵਰ ਵਿਚ ਇਸ਼ਨਾਨ ਕਰਕੇ ਲੰਗੂਰ ਵਾਲਾ ਬਾਣਾ ਉਤਾਰ ਦਿੰਦੇ ਹਨ।
ਉੱਥੇ ਹੀ ਦੇਸ਼ ਦੇ ਦੂਰ ਦੂਰ ਦੇ ਸੂਬਿਆਂ ਵਿੱਚੋਂ ਆਏ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਇਸ ਮੰਦਿਰ ਵਿੱਚ ਜੋ ਵੀ ਕੋਈ ਹਨੂੰਮਾਨ ਜੀ ਕੋਲੋਂ ਆਪਣੀ ਮਨੋਕਾਮਨਾ ਮੰਗਦਾ ਹੈ ਤੇ ਉਹ ਪੂਰੀ ਹੁੰਦੀ ਹੈ ਤੇ ਉਥੇ ਮੱਥਾ ਟੇਕਣ ਜ਼ਰੂਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਹਨੂੰਮਾਨ ਜੀ ਸਭ ਦੀ ਰੱਖਿਆ ਕਰਦੇ ਹਨ ਤੇ ਆਪਣੇ ਭਗਤਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਸੰਕਟ ਨਹੀਂ ਆਉਣ ਦਿੰਦੇ। ਸ਼ਰਧਾਲੂਆਂ ਨੇ ਕਿਹਾ ਕਿ ਅੱਜ ਸਾਨੂੰ ਇੱਥੇ ਆ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ ਤੇ ਅੱਜ ਹਨੂੰਮਾਨ ਜਨਮ ਉਤਸਵ ਵੀ ਸੀ ਜਿਸ ਦੇ ਚੱਲਦੇ ਅਸੀਂ ਇੰਨੀ ਦੂਰੋਂ ਇੱਥੇ ਦਰਸ਼ਨ ਕਰਨ ਲਈ ਪੁੱਜੇ ਹਾਂ।
ਇਹ ਵੀ ਪੜ੍ਹੋ:ਬਠਿੰਡਾ 'ਚ ਧੂਮਧਾਮ ਨਾਲ ਮਨਾਈ ਗਈ ਹਨੂੰਮਾਨ ਜੈਯੰਤੀ ਮੰਦਿਰਾਂ ਵਿੱਚ ਲੱਗੀਆਂ ਰੌਣਕਾਂ