ਅੰਮ੍ਰਿਤਸਰ: ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਵਿੱਚ ਨੌਜਵਾਨ ਕੁੜੀਆਂ ਨਾਲ ਹੋਏ ਬਲਾਤਕਾਰ ਅਤੇ ਅਕਾਲੀ-ਬੀਜੇਪੀ ਦੇ ਤੋੜ-ਵਿਛੋੜੇ ਬਾਰੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕਿਸੇ ਵੀ ਗ਼ਰੀਬ/ਦਲਿਤ ਦੀ ਆਵਾਜ਼ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਉੱਥੇ ਯੂਪੀ ਸਰਕਾਰ ਦੇ ਪਾਲੇ ਹੋਏ ਗੁੰਡੇ ਗ਼ਰੀਬ ਕੁੜੀਆਂ ਨਾਲ ਬਲਾਤਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਉੱਥੇ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ, ਗ਼ਰੀਬ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਔਜਲਾ ਨੇ ਕਿਹਾ ਕਿ ਉੱਥੇ ਇੱਕ ਕੁੜੀ ਦੇ ਬਲਾਤਕਾਰ ਤੋਂ ਬਾਅਦ ਉਸ ਦੀ ਜੀਭ ਵੱਢ ਦਿੱਤੀ ਗਈ, ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ ਤਾਂ ਜੋ ਉਹ ਬਿਆਨ ਨਾ ਦੇ ਸਕੇ ਅਤੇ ਕੁੜੀ ਜ਼ਿੰਦਗੀ-ਮੌਤ ਦੀ ਲੜਾਈ ਲੜਦੀ ਹੋਈ ਮੌਤ ਦੇ ਮੂੰਹ ਵਿੱਚ ਜਾ ਪਈ। ਪੁਲਿਸ ਨੇ ਪਰਿਵਾਰ ਨੂੰ ਲਾਸ਼ ਦੇਣ ਦੀ ਬਜਾਏ ਖ਼ੁਦ ਸਸਕਾਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਜਦੋਂ ਪੀੜਤ ਪਰਿਵਾਰ ਨਾਲ ਮਿਲਣ ਲਈ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਜਾ ਰਹੇ ਸਨ ਪੁਲਿਸ ਵੱਲੋਂ ਧੱਕਾਮੁੱਕੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਬੀਜੇਪੀ ਪਾਰਟੀ ਦਾ ਰਾਜ ਹੈ, ਉੱਤੇ ਜੰਗਲ ਰਾਜ ਹੈ ਅਤੇ ਬੀਜੇਪੀ ਦਾ ਚਿਹਰਾ ਲੋਕਤੰਤਰ ਨੂੰ ਤੋੜਦਾ ਹੈ ਅਤੇ ਹਮੇਸ਼ਾ ਹੀ ਇਨ੍ਹਾਂ ਵੱਲੋਂ ਦਲਿਤ, ਘੱਟ ਗਿਣਤੀਆਂ 'ਤੇ ਹਮਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਬੀਜੇਪੀ ਸਰਕਾਰ ਦੀਆਂ ਕਰਤੂਤਾਂ ਦਾ ਵਿਰੋਧ ਕਰਦੀ ਹੈ।