ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਰਹੀ ਹੈ। ਇਸ ਯੋਜਨਾ ਅਧੀਨ ਸ਼ਹਿਰ ਦੇ ਨਾਮਵਰ ਹਸਪਤਾਲਾਂ ਵੱਲੋਂ ਹਜ਼ਾਰਾਂ ਦੀ ਗਿਣਤੀ ’ਚ ਕਲੇਮ ਹਾਸਲ ਕਰਨ ਲਈ ਬੇਨਤੀਆਂ ਭੇਜੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤੇ ਕਲੇਮ ਬਿਨਾਂ ਵੈਰੀਫਿਕੇਸ਼ਨ ਅਤੇ ਬਿਨਾਂ ਜਾਂਚ ਕੀਤੇ ਪਾਸ ਕੀਤੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜੋ ਕਲੇਮ ਪਾਸ ਕਰਨ ਦੀ ਜਗ੍ਹਾ ਵਿਭਾਗ ਵੱਲੋਂ ਰੱਦ ਕੀਤੇ ਜਾ ਰਹੇ ਹਨ ਉਨ੍ਹਾਂ ਸਬੰਧੀ ਕੋਈ ਵੀ ਜਾਂਚ ਨਹੀਂ ਕੀਤੀ ਜਾ ਰਹੀ, ਸਗੋਂ ਇਨ੍ਹਾਂ ਨਾਮੀ ਹਸਪਤਾਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਏਕਤਾ ਪਾਰਟੀ ਨੇ ਯੋਜਨਾ ਤਹਿਤ ਹੋ ਰਹੇ ਘਪਲਿਆਂ ਦੀ ਖੋਲ੍ਹੀ ਪੋਲ
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਕੁਮਾਰ ਸ਼ਰਮਾ ਵੱਲੋਂ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਗਿਆ ਕਿ ਇਸ ਯੋਜਨਾ ਅਧੀਨ ਜਿਲ੍ਹੇ ਦੇ ਕੁਝ ਹਸਪਤਾਲ ਹਨ, ਜਿਨ੍ਹਾਂ ਨੇ EGHS ਯੋਜਨਾ ਤਹਿਤ ਧੋਖਾਧੜੀ ਕੀਤੀ ਅਤੇ ਜਾਅਲੀ ਕਲੇਮ ਹਾਸਲ ਕੀਤੇ। ਇਸਤੋਂ ਇਲਾਵਾ ਈਐਮਸੀ ਹਸਪਤਾਲ ਗਰੀਨ ਐਵੀਨਿਊ, ਜਿਸ ਖ਼ਿਲਾਫ਼ ਕੋਰੋਨਾ ਮਹਾਂਮਾਰੀ ਦੌਰਾਨ ਮਰੀਜਾਂ ਨਾਲ ਧਾਂਦਲੀ ਕਰਨ ਸਬੰਧੀ ਸ਼ਿਕਾਇਤ ਦਰਜ ਹੋਈ ਸੀ, ਉਸ ਹਸਪਤਾਲ ਦੇ 90 ਵਿੱਚੋਂ 86 ਕਲੇਮ ਰੱਦ ਕਰ ਦਿੱਤੇ ਗਏ ਹਨ। ਇਸਦੀ ਜਾਂਚ ਕੀਤੀ ਜਾਣੀ ਚਾਹੀਦੀ ਸੀ ਪਰ ਸਬੰਧਤ ਵਿਭਾਗ ਵੱਲੋਂ ਕੋਈ ਜਾਂਚ ਨਹੀਂ ਕੀਤੀ ਨਹੀਂ ਗਈ।
ਜਿਸਦੇ ਅਧਿਕਾਰ ਖੇਤਰ ’ਚ ਨਹੀਂ ਉਹ ਅਫ਼ਸਰ ਕਰ ਰਿਹਾ ਘਪਲਿਆਂ ਦੀ ਜਾਂਚ
ਗੌਰਤਲਬ ਹੈ ਕਿ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਟੇਟ ਹੈਲਥ ਏਜੰਸੀ ਨਿਯੁਕਤ ਕੀਤੀ ਗਈ ਹੈ। ਇਸ ਏਜੰਸੀ ਦਾ ਮੁੱਖ ਕਾਰਜਕਾਰੀ ਅਧਿਕਾਰੀ ਇੱਕ ਆਈਏਐਸ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਪੱਧਰ ’ਤੇ ਡਿਪਟੀ ਮੈਡੀਕਲ ਅਫ਼ਸਰ ਨੂੰ ਨਿਯੁਕਤ ਕੀਤਾ ਗਿਆ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਵੱਖ ਏਜੰਸੀ ਬਣਾਏ ਜਾਣ ਦੇ ਬਾਵਜੂਦ ਜਾਂਚ ਏਜੰਸੀ ਦੇ ਅਧਿਕਾਰੀਆਂ ਦੀ ਬਜਾਏ ਸਿਵਲ ਸਰਜਨ ਕਰ ਰਿਹਾ ਹੈ।
ਆਰਟੀਆਈ ਐਕਟ ਤਹਿਤ ਹੋਏ ਹੈਰਾਨੀਜਨਕ ਖੁਲਾਸੇ
ਇਸ ਵਿਸ਼ੇ ਸਬੰਧੀ ਆਰਟੀਆਈ ਸੂਚਨਾ ਰਾਹੀਂ ਕੁਝ ਸੂਚਨਾ ਸਟੇਟ ਹੈਲਥ ਏਜੰਸੀ ਪਾਸੋਂ ਮੰਗੀ ਗਈ ਸੀ। ਪਰ ਏਜੰਸੀ ਨੇ ਮੰਗੀ ਗਈ ਸੂਚਨਾ ਨਹੀਂ ਦਿੱਤੀ ਗਈ ਤੇ ਜੋ ਸੂਚਨਾ ਵਿਭਾਗ ਵੱਲੋਂ ਮੁਹੱਇਆ ਕਰਵਾਈ ਗਈ ਹੈ ਉਹ ਵੀ ਕਾਫ਼ੀ ਹੈਰਾਨੀਜਨਕ ਹੈ। ਇਸ ਸੂਚਨਾ ਅਨੁਸਾਰ ਅੰਮ੍ਰਿਤਸਰ ਦੇ ਕਈ ਨਾਮਵਰ ਅਤੇ ਮਸ਼ਹੂਰ ਹਸਪਤਾਲ ਹਜ਼ਾਰਾਂ ਦੀ ਗਿਣਤੀ ’ਚ ਇਸ ਯੋਜਨਾ ਅਧੀਨ ਕਲੇਮ ਲਈ ਅਪਲਾਈ ਕਰ ਚੁਕੇ ਹਨ ਅਤੇ ਉਨ੍ਹਾਂ ਦੇ ਕਾਫੀ ਵੱਡੀ ਮਾਤਰਾ ਵਿੱਚ ਕਲੇਮ ਰਿਜੈਕਟ ਹੋਏ ਹਨ, ਪਰ ਇਨ੍ਹਾਂ ਕਲੇਮਾਂ ਦੀ ਸਬੰਧੀ ਕੋਈ ਵੀ ਜਾਂਚ ਨਹੀਂ ਕੀਤੀ ਗਈ।