ਅੰਮ੍ਰਿਤਸਰ: ਦੇਸ਼ ਵਿੱਚ ਮਹਿੰਗਾਈ ਇਸ ਸਮੇਂ ਚਰਮ ਸੀਮਾ 'ਤੇ ਹੈ ਅਤੇ ਆਮ ਵਰਗ ਦੇ ਲੋਕਾਂ ਦਾ ਮਹਿੰਗਾਈ ਨੇ ਪਸੀਨਾ ਕੱਢਿਆ ਹੋਇਆ ਹੈ, ਜੇਕਰ ਪੈਟਰੋਲ ਡੀਜ਼ਲ ਦੇ ਰੇਟਾਂ ਦੀ ਗੱਲ ਕਰੀਏ ਤਾਂ ਪੈਟਰੋਲ ਡੀਜ਼ਲ ਦੇ ਰੇਟ ਵੀ ਆਸਮਾਨ ਨੂੰ ਛੂਹ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਜੇਬ 'ਤੇ ਖਾਸਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਦੂਜੇ ਪਾਸੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਦੇ ਰੇਟ ਵੀ ਹੁਣ ਆਸਮਾਨ ਨੂੰ ਛੂਹ ਰਹੇ ਹਨ ਜਿਸ ਤੋਂ ਬਾਅਦ ਆਮ ਲੋਕਾਂ ਦੀ ਹਾਲਤ ਬੁਰੀ ਹੁੰਦੀ ਦਿਖਾਈ ਦੇ ਰਹੀ ਹੈ।
ਜਦੋਂ ਸਾਡੀ ਟੀਮ ਨੇ ਅੰਮ੍ਰਿਤਸਰ ਦੇ ਰਾਮਬਾਗ਼ ਮੰਡੀ ਵਿਚ ਸਬਜ਼ੀ ਵਿਕਰੇਤਾ ਅਤੇ ਸਬਜ਼ੀ ਖ਼ਰੀਦਣ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਪੈਟਰੋਲ ਡੀਜ਼ਲ ਦੇ ਰੇਟ ਵਧਣ ਕਰਕੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ।
ਆਮ ਲੋਕਾਂ ਦਾ ਕੀ ਹੈ ਕਹਿਣਾ: ਸਬਜ਼ੀ ਖਰੀਦਣ ਆਏ ਲੋਕਾਂ ਨੇ ਕਿਹਾ ਕਿ ਮਹਿੰਗਾਈ ਏਨੀ ਜ਼ਿਆਦਾ ਹੈ ਕਿ ਹੁਣ ਆਮ ਆਦਮੀ ਵਾਸਤੇ ਕੁਝ ਵੀ ਖਰੀਦਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਮਹਿੰਗਾਈ ਦੇਸ਼ ਵਿੱਚ ਵੱਧ ਰਹੀ ਹੈ ਡਰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ੍ਰੀਲੰਕਾ ਜਿਹੇ ਹਾਲਾਤ ਭਾਰਤ ਵਿਚ ਨਾ ਹੋ ਜਾਣ ਇਸਦੇ ਨਾਲ ਹੀ ਉਨਾਂ ਨੇ ਕਿਹਾ ਕਿ ਹਰ ਸਬਜ਼ੀ ਦੇ ਰੇਟ ਦੁੱਗਣੇ ਦੇਖਣ ਨੂੰ ਮਿਲ ਰਹੇ ਹਨ ਅਤੇ ਗਰਮੀਆਂ ਵਿੱਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲਾ ਨਿੰਬੂ ਜੋ ਕਿ ਹਰ ਵਰਗ ਦਾ ਆਦਮੀ ਇਸਤੇਮਾਲ ਕਰਦਾ ਹੈ ਉਸ ਦੀ ਕੀਮਤ ਵੀ 300-400 ਰੁਪਏ ਪ੍ਰਤੀ ਕਿੱਲੋ ਮਿਲ ਰਹੀ ਹੈ।
ਸ਼ਹਿਰ ਵਾਸੀਆਂ ਨੇ ਕਿਹਾ ਕਿ ਅਗਰ ਮਹਿੰਗਾਈ ਇਸੇ ਤਰ੍ਹਾਂ ਚਰਮ ਸੀਮਾ 'ਤੇ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਕ ਸਿਰਫ਼ ਅਤੇ ਸਿਰਫ਼ ਸਬਜ਼ੀਆਂ ਦੀਆਂ ਫੋਟੋ ਹੀ ਖਿੱਚ ਕੇ ਲਿਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਨ੍ਹਾਂ ਵੱਲ ਸਬਜ਼ੀਆਂ ਵੱਲ ਕੋਈ ਵੀ ਧਿਆਨ ਨਾ ਦਿੱਤਾ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਰਕਾਰਾਂ ਆਪਣੀਆਂ ਕੁਰਸੀਆਂ ਛੱਡ ਕੇ ਵਿਦੇਸ਼ਾਂ ਨੂੰ ਭੱਜ ਜਾਣਗੀਆਂ।
ਇਸ ਦੇ ਨਾਲ ਕੁਝ ਸ਼ਹਿਰ ਵਾਸੀਆਂ ਨੇ ਕਿਹਾ ਕਿ ਮਹਿੰਗਾਈ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਬਿੱਲ ਨਹੀਂ ਮਿਲ ਪਾਉਂਦਾ ਜਿਸ ਕਰਕੇ ਮਹਿੰਗਾਈ ਵਧਦੀ ਪਈ ਹੈ।
ਵੇਚਣ ਵਾਲਿਆਂ ਦੀ ਪ੍ਰਤੀਕਿਰਿਆ: ਦੂਜੇ ਪਾਸੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਸਬਜ਼ੀ ਦੇ ਰੇਟ ਆਸਮਾਨ ਨੂੰ ਛੂਹ ਰਹੇ ਹਨ, ਉਸ ਦਾ ਇੱਕ ਕਾਰਨ ਇਹ ਹੈ ਕਿ ਜਦੋਂ ਬਾਹਰੀ ਸੂਬਿਆਂ ਤੋਂ ਸਬਜ਼ੀ ਮੰਗਵਾਉਣੀ ਪੈਂਦੀ ਹੈ ਤਾਂ ਪੈਟਰੋਲ ਡੀਜ਼ਲ ਦੇ ਰੇਟ ਵੀ ਸਬਜ਼ੀ 'ਤੇ ਅਸਰ ਪਾਉਂਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਮਹਿੰਗੇ ਭਾਅ ਵਿਚ ਸਬਜ਼ੀ ਖਰੀਦਣੀ ਪੈਂਦੀ ਅਤੇ ਅੱਗੇ ਵੀ ਮਹਿੰਗੇ ਭਾਅ ਵਿਚ ਹੀ ਸਬਜ਼ੀ ਵੇਚਦੇ ਹਨ।
ਉਨ੍ਹਾਂ ਕਿਹਾ ਕਿ 10 ਰੁਪਏ ਕਿਲੋ ਵਿਕਣ ਵਾਲੀ ਸਬਜ਼ੀ ਇਸ ਸਮੇਤ 30 ਤੋਂ 40 ਰੁਪਏ ਕਿੱਲੋ ਸਬਜ਼ੀ ਵਿਕ ਰਹੀ ਹੈ ਜਿਸ ਨਾਲ ਕਿ ਆਮ ਵਰਗ ਦਾ ਆਦਮੀ ਸਬਜ਼ੀ ਖਰੀਦਣ ਲੱਗਿਆਂ ਕਈ ਵਾਰ ਸੋਚਦਾ ਹੈ, ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਸਬਜ਼ੀ ਦੇ ਰੇਟ ਰਹੇ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਹਾਲਾਤ ਵੀ ਬਹੁਤ ਬੁਰੇ ਹੋ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦਾ ਇੱਕ ਅਜਿਹਾ ਪਿੰਡ ਜੋ ਗੁਲਾਮੀ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ