ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗ੍ਰੰਥੀ ਦੀਆਂ ਸੇਵਾਵਾਂ ਨਿਭਾ ਰਹੇ ਭਾਈ ਮਲਕੀਤ ਸਿੰਘ ਨੂੰ ਪਿਛਲੇ ਦਿਨੀਂ ਵਧੀਕ ਹੈੱਡ ਗ੍ਰੰਥੀ ਵਜੋਂ ਪਦਉੱਨਤ ਕੀਤਾ ਗਿਆ, ਪਰ ਅੰਮ੍ਰਿਤਸਰ ਦੇ ਇੱਕ ਪ੍ਰੋਫੈਸਰ ਸਰਚਾਂਦ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਕੀਤੀ ਗਈ ਕਿ ਭਾਈ ਮਲਕੀਤ ਸਿੰਘ ਨੂੰ ਪਦਉੱਨਤ ਨਾ ਕੀਤਾ ਜਾਵੇ ਕਿਉਂਕਿ ਉਨ੍ਹਾਂ 'ਤੇ ਗੰਭੀਰ ਇਲਜ਼ਾਮ ਹਨ।
ਈਟੀਵੀ ਭਾਰਤ ਵੱਲੋਂ ਇਸ ਸਬੰਧੀ "ਸਿੱਖ ਯੂਥ ਫੈਡਰੇਸ਼ਨ" ਦੇ ਪ੍ਰਧਾਨ ਭਾਈ ਸਤਨਾਮ ਸਿੰਘ ਕਾਹਲੋਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਈ ਮਲਕੀਤ ਸਿੰਘ ਬਹੁਤ ਹੀ ਸੂਝਵਾਨ ਤੇ ਸੁਲਝੇ ਹੋਏ ਵਿਅਕਤੀ ਹਨ ਅਤੇ ਉਨ੍ਹਾਂ ਨੇ ਮਹਾਨ ਜਥੇਬੰਦੀ ਦਮਦਮੀ ਟਕਸਾਲ ਤੋਂ ਵਿੱਦਿਆ ਪ੍ਰਾਪਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਪ੍ਰੋਫੈਸਰ ਸਰਚਾਂਦ ਸਿੰਘ ਨੂੰ ਚਾਹੀਦਾ ਸੀ ਕਿ ਕੌਮ ਨੂੰ ਇਕੱਠੀ ਕਰਨ ਲਈ ਕੁੱਝ ਕਾਰਜ ਕਰਦੇ ਪਰ ਉਹ ਹੁਣ ਕੌਮ ਵਿੱਚ ਦੁਫੇੜ ਪਾਉਣ ਲਈ ਅਜਿਹੇ ਕਾਰਨਾਮੇ ਕਰ ਰਹੇ ਹਨ। ਭਾਈ ਸਤਨਾਮ ਸਿੰਘ ਨੇ ਕਿਹਾ ਕਿ ਕੋਈ ਕਾਲਜ ਵਿੱਚ 4 ਸਾਲ ਲਾ ਕੇ ਪ੍ਰੋਫ਼ੈਸਰ ਨਹੀਂ ਬਣ ਜਾਂਦਾ, ਸਗੋਂ ਕੌਮ ਲਈ ਅਨੇਕਾਂ ਕਾਰਜ ਕਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਸਰਚਾਂਦ ਸਿੰਘ ਨੂੰ ਚਾਹੀਦਾ ਇਹ ਸੀ ਕਿ ਦੋਸ਼ ਲਾਉਣ ਦੀ ਥਾਂ ਵਧੀਆਂ ਕਿਤਾਬਾਂ ਲਿਖ ਕੇ ਕੌਮ ਨੂੰ ਸੇਧ ਦਿੰਦੇ ਨਾ ਕਿ ਕਿਸੇ ਦੀ ਤਰੱਕੀ ਦੇਖ ਕੇ ਲੱਤਾਂ ਖਿਚਦੇ।