ਅੰਮ੍ਰਿਤਸਰ : ਸਰਬੱਤ ਖਾਲਸਾ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਪੰਥ ਦੀ ਨਿੱਖਰਦੀ ਹਾਲਤ ਦੇਖ ਕੇ ਕੌਮ ਦੁੱਕ ਮਹਿਸੂਸ ਕਰਦੀ ਹੈ। ਇਸ ਕਰਕੇ ਕੌਮ ਵਿੱਚੋਂ ਕਈ ਤਰ੍ਹਾਂ ਦੀਆਂ ਵਿਚਾਰਕ ਆਵਾਜਾਂ ਉੱਠ ਰਹੀਆਂ ਹਨ। ਇਸ ਲਈ ਪੰਥ ਦੇ ਵੱਡੇ ਹਿੱਤਾਂ ਅਤੇ ਕੌਮੀ ਮਸਲਿਆਂ ਦੇ ਮੱਦੇ ਨਜ਼ਰ ਜੋ ਕੁੱਝ ਸਿੱਖ ਸੰਗਤਾਂ ਵਿੱਚੋਂ ਆਵਾਜ਼ ਉੱਠ ਰਹੀ ਹੈ, ਉਸਦਾ ਅਸੀਂ ਦਰਦ ਸਾਂਝਾ ਕਰ ਰਹੇ ਹਾਂ।
ਕੀ ਲਿਖਿਆ ਪੱਤਰ 'ਚ : ਉਨ੍ਹਾਂ ਕਿਹਾ ਕਿ ਕੌਮ ਦੀ ਫੁੱਟ ਕਰਕੇ ਸਿੱਖ ਪੰਥ ਅੱਜ ਮੰਦਹਾਲੀ ਵਿੱਚੋਂ ਲੰਘ ਰਿਹਾ ਹੈ। ਇਹ ਗੱਲ ਅਸੀਂ ਵੀ ਚੰਗੀ ਤਰ੍ਹਾਂ ਸਮਝਦੇ ਹਾਂ ਅਤੇ ਇਸ ਕਰਕੇ 6 ਜੂਨ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੇ ਸਬੰਧ ਵਿੱਚ ਮਨਾਏ ਗਏ ਘੱਲੂਘਾਰਾ ਹਫਤੇ ਦੀ ਸਮਾਪਤੀ ਸਮੇਂ ਸਮਾਗਮਾ ਤੋਂ ਬਾਅਦ ਸਿੱਖ ਕੌਮ ਨੂੰ ਏਕਤਾ ਵਾਸਤੇ ਭਾਵਪੂਰਤ ਅਪੀਲਾਂ ਕੀਤੀਆਂ ਗਈਆਂ ਸਨ। ਕਈ ਸਿੱਖ ਚਿੰਤਕਾਂ ਅਤੇ ਲੇਖਕਾਂ ਨੇ ਇਕ ਵੱਡਾ ਸਵਾਲ ਖੜ੍ਹਾ ਕੀਤਾ ਹੈ ਕਿ ਜਥੇਦਾਰ ਪਹਿਲਾਂ ਖੁਦ ਹੀ ਏਕਤਾ ਕਰਨ ਤਾਂ ਹੀ ਕੰਮ ਵਿੱਚ ਕੋਈ ਏਕਤਾ ਦਾ ਮੁੱਢ ਬੱਝ ਸਕਦਾ ਹੈ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸਾਨੂੰ ਜੁੜਕੇ ਬੈਠਣਾ ਚਾਹੀਦਾ ਹੈ। ਇਸ ਵਿੱਚ ਧੜਿਆਂ ਅਤੇ ਨਿੱਜਤਾ ਦਾ ਤਿਆਗ ਕਰਕੇ ਸਿਰਫ ਤੇ ਸਿਰਫ ਪੰਥਕ ਫਰਜ਼ਾਂ ਅਤੇ ਮੁੱਦਿਆਂ ਨੂੰ ਤਰਜੀਹ ਦੇਣ ਵਾਲੀ ਗੁਫ਼ਤਗੂ ਅਕਾਲ ਤਖ਼ਤ ਸਾਹਿਬ ਵਿਖੇ ਹੋਣੀ ਚਾਹੀਦੀ ਹੈ, ਕਿਉਂਕਿ ਖੁਆਰੀਆਂ ਦਾ ਦੌਰ ਬਹੁਤ ਲੰਮਾਂ ਚੱਲ ਚੁੱਕਿਆ ਹੈ। ਇਸ ਨੂੰ ਹੋਰ ਬਰਦਾਸਤ ਕਰਨਾ ਮੂਰਖਤਾ ਹੀ ਹੋ ਸਕਦੀ ਹੈ। ਜੇ ਅਸੀ ਜਿੰਮੇਵਾਰ ਰੁਤਬਿਆਂ ਤੇ ਸੇਵਾ ਕਰ ਰਹੇ ਲੋਕ ਆਪਣੇ ਫਰਜ਼ਾਂ ਨੂੰ ਨਹੀਂ ਸਮਝਦੇ ਤਾਂ ਆਮ ਸਿੱਖਾਂ ਨੂੰ ਦੇਸ਼, ਸੰਦੇਸ਼ ਜਾਂ ਨਸੀਹਤਾ ਦੇਣ ਦਾ ਅਧਿਕਾਰ ਸਾਡੇ ਕੋਲ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿਇਸ ਵੇਲੇ ਸਿੱਖ ਕੌਮ ਕੋਲ ਕੋਈ ਕੌਮੀ ਏਜੰਡਾ ਹੀ ਨਹੀਂ ਨਾ ਕਿਸੇ ਇੱਕ ਧਿਰ ਜਾਂ ਆਗੂ ਕੋਲ ਸਿੱਖ ਮੁੱਦਿਆਂ ਦੀ ਕੋਈ ਸੂਚੀ ਹੈ। ਇਸ ਸਮੇਂ ਪਹਿਲ ਪ੍ਰਿਥਮੇਂ ਇੱਕ ਕੌਮੀ ਏਜੰਡੇ ਦੀ ਲੋੜ ਹੈ। ਜਿਸ ਨੂੰ ਅਧਾਰ ਬਣਾਕੇ ਕੌਮ ਇੱਕਜੁੱਟ ਹੋ ਸਕੇ।