ਅੰਮ੍ਰਿਤਸਰ: ਰਾਜਾਸਾਂਸੀ ਹਵਾਈ ਅੱਡੇ ਤੇ ਏਅਰ ਇੰਡੀਆ ਦਾ ਨਵਾਂ ਕਾਰਨਾਮਾ ਦੇਖਣ ਨੂੰ ਮਿਲਿਆ। ਦਰਅਸਲ ਦੁਬਈ ਜਾਣ ਵਾਲੀ ਉਡਾਣ ਢਾਈ ਘੰਟੇ ਪਹਿਲਾਂ ਹੀ ਰਵਾਨਾ ਹੋ ਗਈ ਜਿਸ ਨਾਲ 40 ਤੋਂ ਵੱਧ ਯਾਤਰੀਆਂ ਦੀ ਫਲਾਈਟ ਮਿਸ ਹੋ ਗਈ।
ਇਹ ਫਲਾਈਟ ਦੇ ਰਵਾਨਾ ਹੋਣ ਦਾ ਸਮਾਂ 1:15 ਸੀ ਪਰ ਇਹ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ 11 ਵਜੇ ਰਵਾਨਾ ਹੋ ਗਈ, ਜਿਸ ਕਾਰਨ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲਗਭੱਗ 40 ਲੋਕਾਂ ਦੀ ਫਲਾਈਟ ਮਿਸ ਹੋ ਗਈ। ਉਸ ਸਮੇਂ ਅਧਿਕਾਰੀਆਂ ਵੱਲੋਂ ਵੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ।
ਪ੍ਰੇਸ਼ਾਨ ਯਾਤਰੀਆਂ ਦਾ ਕਹਿਣਾ ਸੀ ਕਿ ਏਅਰ ਇੰਡੀਆ ਦੀ ਗਲਤੀ ਕਾਰਨ ਉਨ੍ਹਾਂ ਨੂੰ 30 ਅਗਸਤ ਨੂੰ ਭੇਜਿਆ ਜਾਵੇਗਾ। ਉਨ੍ਹਾਂ ਵੱਲੋਂ ਆਪਣੇ ਖਰਚੇ ਤੇ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜਿਸਦਾ ਸਮਾਂ ਲੰਘ ਜਾਣਾ ਹੈ। ਉਨ੍ਹਾਂ ਨੇ ਜੋ ਇਜਾਜ਼ਤ ਲਈ ਸੀ ਉਹ ਮੁੜ ਤੋਂ ਸ਼ਾਇਦ ਹੀ ਮਿਲੇ। ਹੁਣ ਇਸ ਪ੍ਰੇਸ਼ਾਨੀ ਦੀ ਕੋਈ ਜ਼ਿਮ੍ਹੇਵਾਰੀ ਲੈਣ ਨੂੰ ਤਿਆਰ ਨਹੀਂ ਹੈ।