ਅੰਮ੍ਰਿਤਸਰ: ਕਹਿੰਦੇ ਹਨ ਕਿ ਜਿਸ ਇਨਸ਼ਾਨ ਦੇ ਸਿਰ ਤੋਂ ਛੋਟੀ ਉਮਰੇ ਮਾਂ ਬਾਪ ਦਾ ਸਾਇਆ ਛੁਟ ਜਾਵੇ ਤਾਂ ਉਹ ਜਾਂ ‘ਤੇ ਦਰ-ਦਰ ਦੀਆ ਠੋਕਰਾਂ ਖਾਦਾਂ ਹੈ ਜਾਂ ਭੀਖ ਤੱਕ ਮੰਗਣ ਲਈ ਮਜ਼ਬੂਰ ਹੋ ਜਾਂਦਾ ਹੈ ਪਰ ਇਨ੍ਹਾਂ ਸਾਰੀਆ ਗੱਲਾਂ ਨੂੰ ਅੰਮ੍ਰਿਤਸਰ ਦੇ ਇੱਕ ਸਿੱਖ ਬੱਚੇ ਵੱਲੋਂ ਆਪਣੀ ਹਿੰਮਤ ਸਦਕਾ ਝੂਠੀਆਂ ਸਾਬਿਤ ਕਰ ਦਿਖਾਇਆ ਹੈ।
13 ਸਾਲ ਦਾ ਇੱਕ ਸਿਖ ਬੱਚਾ ਜੋ ਕਿ ਅੰਮ੍ਰਿਤਸਰ ਦੀਆ ਗਲੀਆਂ ਵਿਚ ਬੇਲਪੁਰੀ ਵੇਚ ਜਿੱਥੇ ਆਪਣਾ ਪੇਟ ਪਾਲਣ ਲਈ ਸਾਰਾ ਦਿਨ ਮਿਹਨਤ ਮਸ਼ੱਕਤ ਕਰਦਾ ਹੈ ਉਥੇ ਹੀ ਉਸ ਵੱਲੋਂ ਆਪਣੀ ਨੌਵੀਂ ਕਲਾਸ ਦੀ ਪੜ੍ਹਾਈ ਵੀ ਕੀਤੀ ਜਾ ਰਹੀ ਹੈ। ਬੱਚੇ ਦੀ ਇਸ ਹਿੰਮਤ ਨੂੰ ਹਰ ਵੇਖਣ ਵਾਲਾ ਸਲਾਮ ਕਰਦਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਦੀਪਕ ਸਿੰਘ ਨੇ ਦੱਸਿਆ ਕਿ ਛੋਟੀ ਉਮਰੇ ਭਾਵੇਂ ਉਸ ਦੇ ਮਾਂ-ਬਾਪ ਦੀ ਮੌਤ ਹੋ ਗਈ ਸੀ ਪਰ ਉਸਨੇ ਕਦੇ ਵੀ ਹਿੰਮਤ ਨਹੀਂ ਹਾਰੀ ਨਾ ਘਰ ਨਾ ਮਾਪੇ ਨਾ ਕੋਈ ਸਾਥ। ਫਿਰ ਵੀ ਆਪਣੀ ਮਿਹਨਤ ਸਦਕਾ ਸਾਰਾ ਦਿਨ ਬੇਲਪੁਰੀ ਵੇਚ ਜਿਥੇ ਆਪਣੇ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰਦਾ ਹੈ ਉਥੇ ਹੀ ਨੌਵੀਂ ਕਲਾਸ ਦੀ ਪੜ੍ਹਾਈ ਵੀ ਕਰਦਾ ਹੈ।
ਉਸਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਬਿਜਲੀ ਦਾ ਬਿੱਲ ਤੇ ਕਿਰਾਏ ਵਿੱਚ ਉਸਦਾ 5000 ਦੇ ਕਰੀਬ ਖਰਚਾ ਹੋ ਜਾਂਦਾ ਹੈ ਪਰ ਫਿਰ ਵੀ ਉਹ ਰੋਜ਼ਾਨਾ ਹਿੰਮਤ ਕਰ ਕੰਮ ਕਾਰ ਵਿਚ ਜੁਟ ਜਾਂਦਾ ਹੈ। ਦੀਪਕ ਸਿੰਘ ਲੋਕਾਂ ਲਈ ਮਿਸਾਲ ਹੈ ਜੋ ਜ਼ਿੰਦਗੀ ਦੇ ਦੁੱਖਾਂ ਅੱਗੇ ਹਿੰਮਤ ਹਾਰ ਜਾਂਦੇ ਹਨ।