ਅੰਮ੍ਰਿਤਸਰ: ਸੇਵਾ ਦੇ ਪੁੰਜ, ਗੁਰਮਤਿ ਦੇ ਦਾਨੀ ਅਤੇ ਸਿੱਖ ਕੌਮ ਦੇ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੀਤੇ ਦਿਨ ਦੇਸ਼-ਵਿਦੇਸ਼ ਵਿੱਚ ਵੱਡੀ ਸ਼ਰਧਾ ਨਾਲ ਮਨਾਇਆ ਗਿਆ ਹੈ। ਸਵੇਰ ਤੋਂ ਹੀ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਇਆ ਗਿਆ। ਸੰਗਤਾਂ ਦਾ ਕਹਿਣਾ ਹੈ ਕਿ ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਹ ਸੱਚਖੰਡ ਸ੍ਰੀ ਦਰਬਾਰ ਵਿਖੇ ਸਵੇਰ ਤੋਂ ਹੀ ਮੱਥਾ ਟੇਕਣ ਲਈ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਨ੍ਹਾਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਗਿਆ।
ਅਲੌਕਿਕ ਆਤਿਸ਼ਬਾਜ਼ੀ: ਦੱਸ ਦਈਏ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਆਈ ਸੰਗਤ ਦੇ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਪੱਧਰ ਉੱਤੇ ਸਹੂਲਤ ਦੇ ਪ੍ਰਬੰਧ ਕੀਤੇ, ਉੱਥੇ ਹੀ ਰਾਤ ਸਮੇਂ ਅਲੌਕਿਕ ਆਤਿਸ਼ਬਾਜ਼ੀ ਨੇ ਵੀ ਸੰਗਤ ਲਈ ਵੱਖਰਾ ਹੀ ਨਜ਼ਾਰਿਆ ਬੰਨ੍ਹਿਆ। ਸੰਗਤਾਂ ਨੇ ਇਸ ਮੌਕੇ ਕਿਹਾ ਕਿ ਅੱਜ ਸਾਨੂੰ ਸਭ ਨੂੰ ਗੁਰੂ ਜੀ ਦੇ ਦਿਖਾਏ ਹੋਏ ਮਾਰਗ ਉੱਤੇ ਚੱਲਣ ਦੀ ਜ਼ਰੂਰਤ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲੌਕਿਕ ਆਤਿਸ਼ਬਾਜ਼ੀ ਵੀ ਕਰਵਾਈ ਗਈ ਜੋ ਕਿ ਅਤਿ ਮਨਮੋਹਕ ਸੀ। ਸੰਗਤਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਨਜ਼ਾਰਾ ਜ਼ਿੰਦਗੀ ਵਿੱਚ ਕਦੀ ਨਹੀਂ ਵੇਖਿਆ।
ਜਥੇਦਾਰ ਵੱਲੋਂ ਬੇਨਤੀ: ਸੰਗਤਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਪਹੁੰਚ ਕੇ ਕੀਤੀ ਗਈ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਦੇਸ਼-ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਵਿਚਾਰ ਵੀ ਦਿੱਤੇ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੇ ਗੁਰੂ ਸਾਹਿਬ ਵੱਲੋਂ ਦਰਸ਼ਾਏ ਗਏ ਮਾਰਗ ਉੱਤੇ ਸੰਗਤ ਨੂੰ ਚੱਲਣ ਦੀ ਅਪੀਲ ਕੀਤੀ। ਦੱਸ ਦਈਏ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੰਭਾਲਿਆ ਅਤੇ ਗੁਰਬਾਣੀ ਦੀ ਸੰਭਾਲ ਕੀਤੀ। ਇਸ ਲਈ ਜਿੱਥੇ ਅੱਜ ਦਾ ਦਿਹਾੜਾ ਵਿਸ਼ਵ ਭਰ ਵਿੱਚ ਮੌਜੂਦ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਉੱਤੇ ਮਨਾਇਆ ਜਾ ਰਿਹਾ ਹੈ। ਦੂਜੇ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸੰਗਤਾਂ ਭਾਰੀ ਗਿਣਤੀ ਵਿਚ ਨਤਮਸਤਕ ਹੋਣ ਲਈ ਪਹੁੰਚ ਰਹੀਆ ਹਨ ਅਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਰਹੀਆ ਹਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤਾ ਸਿੱਖ ਕੌਮ ਨੂੰ ਸੰਦੇਸ਼