ਅੰਮ੍ਰਿਤਸਰ : ਲੰਘੇ ਦਿਨੀਂ ਜਦੋਂ ਫਿਰ ਸੁੱਚਾ ਸਿੰਘ ਲੰਗਾਹ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਆਪਣੀ 'ਪੰਥ' ਵਿੱਚ ਵਾਪਸੀ ਲਈ ਚਿੱਠੀ ਲੈ ਕੇ ਆਇਆ ਤਾਂ ਕੁਝ ਕੁ ਪੰਥਕ ਧਿਰਾਂ ਵੱਲੋਂ ਜਥੇਦਾਰ ਸਾਹਿਬ ਤੱਕ ਪਹੁੰਚ ਕੀਤੀ ਕਿ ਇਸ ਨੂੰ ਮਾਫੀ ਨਾ ਦਿੱਤੀ ਜਾਵੇ। ਇਸੇ ਤਹਿਤ ਹੀ ਦਮਦਮੀ ਟਕਸਾਲ (ਅਜਨਾਲਾ ਗਰੁੱਪ), ਸਦਭਾਵਨਾ ਦਲ ਆਦਿ ਸੰਸਥਾਵਾਂ ਵੱਲੋਂ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸ਼ਿਕਾਇਤ ਦਿੱਤੀ।
ਅਕਾਲ ਤਖ਼ਤ ਸਾਹਿਬ ਵਿਖੇ ਭਾਵੇਂ ਜਥੇਦਾਰ ਹਰਪ੍ਰੀਤ ਸਿੰਘ ਨਹੀਂ ਮਿਲੇ ਪਰ ਉਨ੍ਹਾਂ ਦੇ ਸਹਾਇਕ ਰਣਜੀਤ ਸਿੰਘ ਨੂੰ ਲਖਵਿੰਦਰ ਸਿੰਘ ਵੱਲੋਂ ਆਪਣੀ ਸ਼ਿਕਾਇਤ ਦਿੱਤੀ ਗਈ। ਲਖਵਿੰਦਰ ਸਿੰਘ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ ਜੋ ਕਿ ਸ਼੍ਰੋਮਣੀ ਕਮੇਟੀ ਦੇ 3-4 ਥਾਵਾਂ 'ਤੇ ਅਹੁਦੇਦਾਰ ਰਿਹਾ ਹੈ, ਉਸ ਵੱਲੋਂ ਬਲਾਤਕਾਰ ਕਰਨਾ, ਸਿੱਖ ਲਈ 'ਲੰਗਾਹ' ਕਲੰਕ ਹੈ। ਲਖਵਿੰਦਰ ਸਿੰਘ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ ਦੂਜਾ ਰਾਮ ਰਹੀਮ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ: ਦਰਬਾਰ ਸਾਹਿਬ ਦੇ ਜ਼ਮੀਨਦੋਜ ਨੂੰ ਯਾਤਰੀਆਂ ਲਈ ਕੁਝ ਦਿਨਾਂ ਲਈ ਕੀਤਾ ਬੰਦ
ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਨਾ ਦਿੱਤੀ ਜਾਵੇ, ਕਿਉਂਕਿ ਜਿਵੇਂ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੋਂ ਬਾਅਦ ਕੌਮ ਵਿੱਚ ਰੋਸ ਫੈਲਿਆ ਸੀ, ਉਸੇ ਤਰ੍ਹਾਂ ਹੀ ਲੰਗਾਹ ਨੂੰ ਮਾਫ਼ ਕਰਨ ਕਰਕੇ ਬਖੇੜਾ ਖੜ੍ਹਾ ਹੋ ਸਕਦਾ ਹੈ।
ਇਸ ਮੌਕੇ ਉਨ੍ਹਾਂ ਨੇ ਨਾਨਕਸਰ ਵਾਲਿਆਂ ਦੇ ਦੀਵਾਨ ਵਿੱਚ ਚੱਲੇ ਨਸ਼ੇ ਵਾਲੇ ਗੀਤ ਲਈ ਬਾਬਾ ਸੁਖਦੇਵ ਸਿੰਘ ਭੁੱਚੋਂ ਵਾਲਿਆਂ ਨੂੰ ਤਲਬ ਕਰਨ ਦੀ ਮੰਗ ਕੀਤੀ।
ਤੀਜੀ ਮੰਗ ਉਨ੍ਹਾਂ ਇਹ ਕੀਤੀ ਕਿ "ਗਿਲਟੀ" ਵੈੱਬ ਸੀਰੀਜ਼ ਪ੍ਰੋਗਰਾਮ ਵਿੱਚ "ਬੇਬੇ ਨਾਨਕੀ" ਦੇ ਨਾਮ ਨਾਨਕੀ ਦਾ ਰੋਲ ਨਿਭਾਉਣ ਵਾਲੀ ਕੁੜੀ ਸਮੇਤ ਸੀਰੀਜ਼ ਦੇ ਸੰਚਾਲਕ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਸ ਵੱਲੋਂ ਨਾਨਕੀ ਦਾ ਰੋਲ ਨਿਭਾਉਂਦੇ ਹੋਏ ਸਿੱਖੀ ਸਿਧਾਂਤਾਂ ਵਿਰੋਧੀ ਹਰਕਤਾਂ ਕੀਤੀਆਂ ਹਨ।