ਅੰਮ੍ਰਿਤਸਰ: ਐੱਸ.ਟੀ.ਐੱਫ਼. ਅੰਮ੍ਰਿਤਸਰ ਦੀ ਟੀਮ ਨੇ ਇੱਕ ਨਸ਼ਾ ਤਸਕਰ ਨੂੰ 6 ਕਿਲੋ 500 ਗ੍ਰਾਮ ਅਫੀਮ ਅਤੇ 1 ਲੱਖ 30 ਹਜ਼ਾਰ ਦੀ ਨਗਦੀ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤਾ ਗਿਆ ਬਲਕਾਰ ਸਿੰਘ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਲਿਆ ਕੇ ਪੰਜਾਬ 'ਚ ਅਫੀਮ ਸਪਲਾਈ ਕਰਦਾ ਸੀ।
ਜਾਣਕਾਰੀ ਦਿੰਦੇ ਹੋਏ ਏ.ਆਈ.ਜੀ. ਰਸ਼ਪਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਬਲਕਾਰ ਸਿੰਘ ਅੰਮ੍ਰਿਤਸਰ ਵਿੱਚ ਦੁੱਧ ਦੀ ਡੇਹਰੀ ਚਲਾਉਂਦਾ ਸੀ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਬਲਕਾਰ ਸਿੰਘ ਦੀ ਤਲਾਸ਼ੀ ਕੀਤੀ। ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਕੋਲੋਂ 1 ਕਿਲੋ 500 ਗ੍ਰਾਮ ਅਫੀਮ ਅਤੇ 1 ਲੱਖ 30 ਹਜ਼ਾਰ ਦੀ ਨਗਦੀ ਬਰਾਮਦ ਹੋਈ।
ਉਨ੍ਹਾਂ ਕਿਹਾ ਕਿ ਪੁੱਛ-ਗਿੱਛ ਦੌਰਾਨ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦੇ ਘਰ 5 ਕਿਲੋ ਅਫੀਮ ਪਈ ਹੈ ਜਿਸ ਤੋਂ ਬਾਅਦ ਮੁਲਜ਼ਮ ਦੇ ਘਰੋਂ ਪੁਲਿਸ ਨੇ 5 ਕਿਲੋ ਅਫੀਮ ਬਰਾਮਦ ਕੀਤੀ। ਫ਼ਿਲਹਾਲ ਪੁਲਿਸ ਨੇ ਬਲਕਾਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।