ਅੰਮ੍ਰਿਤਸਰ: ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ਵੱਲ ਜਾਂਦੇ ਵਿਰਾਸਤੀ ਮਾਰਗ ’ਤੇ ਲੱਗੇ ਵਿਵਾਦਗ੍ਰਸਤ ਗਿੱਧਾ ਭੰਗੜਾ ਪਾਉਂਦੇ ਬੁੱਤਾਂ ਨੂੰ ਹਟਾ ਦਿੱਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਇਨ੍ਹਾਂ ਬੁੱਤਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਇਨ੍ਹਾਂ ਬੁੱਤਾਂ ਕਾਰਨ ਹੀ ਅੰਮ੍ਰਿਤਸਰ ਦੀ ਸਿੱਖ ਸੰਗਤ 'ਚ ਰੋਸ ਪਾਇਆ ਜਾ ਰਿਹਾ ਸੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਰੀਟੇਜ ਸਟ੍ਰੀਟ ਦੇ ਰਸਤੇ ਵਿੱਚ ਲੱਗੇ ਇਨ੍ਹਾਂ ਬੁੱਤਾਂ ਨੂੰ ਪਿਛਲੇ ਦਿਨੀਂ ਸਿੱਖ ਨੌਜਵਾਨਾਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਦੇ ਚਲਦੇ 9 ਨੌਜਵਾਨਾਂ 'ਤੇ ਕੇਸ ਵੀ ਦਰਜ ਕੀਤੇ ਗਏ ਸਨ। ਇਸ ਦੇ ਮੱਦੇਨਜ਼ਰ ਸਰਕਾਰ ਨਾਲ ਗੱਲ ਕਰਨ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਮੈਂਬਰਾਂ ਦੀ ਸਬ ਕਮੇਟੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਸਨ। ਸਿੱਖ ਸੰਸਥਾਵਾਂ ਵੱਲੋਂ ਲੰਮੇ ਸਮੇਂ ਤੋਂ ਇਨ੍ਹਾਂ ਮੂਰਤੀਆਂ ਨੂੰ ਹਟਾਉਣ ਅਤੇ ਸ਼ਹੀਦਾਂ ਦੀ ਤਸਵੀਰਾਂ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਭੰਨਤੋੜ ਕੀਤੀ ਗਈ ਸੀ।
ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੰਗੜਾ ਤੇ ਗਿੱਧਾ ਪਾਉਂਦੇ ਬੁੱਤਾਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ। ਮੁੱਖ ਮੰਤਰੀ ਦੇ ਹੁਕਮਾਂ ਉੱਤੇ ਅਮਲ ਕਰਦਿਆਂ ਅੱਜ ਸਵੇਰੇ ਤੋਂ ਹੀ ਇਨ੍ਹਾਂ ਬੁੱਤਾਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ।