ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਸੰਸਦ ਅੰਦਰ ਉਥੋਂ ਦੇ ਵਸਨੀਕ ਸਿੱਖ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਭਾਰਤੀ ਏਜੰਸੀਆਂ ਦੇ ਅਧਿਕਾਰੀਆਂ ਦਾ ਹੱਥ ਹੋਣ ਬਾਰੇ ਲਗਾਏ ਦੋਸ਼ਾਂ ’ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਪਾਸ ਕੀਤੇ ਗਏ ਇੱਕ ਵਿਸ਼ੇਸ਼ ਮਤੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਦੇਸ਼ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਆਮ ਨਹੀਂ ਸਮਝਿਆ ਜਾਂਦਾ, ਸਗੋਂ ਦੇਸ਼ ਦੇ ਸੰਵਿਧਾਨ ਦੀ ਮਾਣ-ਮਰਯਾਦਾ ਦੇ ਦਾਇਰੇ ਵਿਚ ਤੱਥਾਂ ਅਧਾਰਿਤ ਮੰਨਿਆ ਜਾਂਦਾ ਹੈ। ਪਾਰਲੀਮੈਂਟ ਅੰਦਰ ਪ੍ਰਧਾਨ ਮੰਤਰੀ ਵੱਲੋਂ ਆਖੀ ਗਈ ਹਰ ਗੱਲ ਨੂੰ ਸਹਿਜੇ ਹੀ ਨਕਾਰਿਆ ਨਹੀਂ ਜਾ ਸਕਦਾ। (Indian Canada Relation) (Inner Committee of SGPC)
ਨਫ਼ਰਤੀ ਕੂੜ ਪ੍ਰਚਾਰ ਦੀ ਕਰੜੀ ਨਿੰਦਾ: ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਏਜੰਸੀਆਂ ’ਤੇ ਲਗਾਏ ਦੋਸ਼ਾਂ ਦੀ ਸੱਚਾਈ ਦੋਹਾਂ ਦੇਸ਼ਾਂ ਨੂੰ ਰਾਜਨੀਤੀ ਤੋਂ ਪਰ੍ਹੇ ਜਾ ਕੇ ਇਕ ਸੁਹਿਰਦ ਪਹੁੰਚ ਰਾਹੀਂ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ। ਜੇਕਰ ਇਸ ਨੂੰ ਕੇਵਲ ਰਾਜਨੀਤੀ ਕਰਕੇ ਹੀ ਦਬਾ ਦਿੱਤਾ ਜਾਂਦਾ ਹੈ ਤਾਂ ਇਹ ਮਾਨਵੀ ਅਧਿਕਾਰਾਂ ਨਾਲ ਨਾਇਨਸਾਫੀ ਮੰਨੀ ਜਾਵੇਗੀ। ਇਸ ਸਮੁੱਚੇ ਵਰਤਾਰੇ ਵਿਚ ਮੁੱਖ ਮੀਡੀਆ ਅਤੇ ਸ਼ੋਸ਼ਲ ਮੀਡੀਆ ਮੰਚਾਂ ’ਤੇ ਸਿੱਖ ਅਤੇ ਪੰਜਾਬ ਵਿਰੋਧੀ ਫੈਲਾਏ ਜਾ ਰਹੇ ਨਫ਼ਰਤੀ ਕੂੜ ਪ੍ਰਚਾਰ ਦੀ ਵੀ ਕਰੜੀ ਨਿੰਦਾ ਕਰਦਿਆਂ ਕਿਹਾ ਗਿਆ ਹੈ ਕਿ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਜਾਣਬੁਝ ਕੇ ਭਾਰਤ ਕੈਨੇਡਾ ਮਾਮਲਾ ਕੇਵਲ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ’ਤੇ ਹੀ ਕੇਂਦਰਿਤ ਕਰ ਦਿੱਤਾ ਗਿਆ ਹੈ।
ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਵਾਲੇ ਲੋਕਾਂ ’ਤੇ ਕਾਰਵਾਈ : ਅੰਤ੍ਰਿੰਗ ਕਮੇਟੀ ਨੇ ਮਤੇ ਰਾਹੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਮਸਲੇ ਨੂੰ ਸੰਜੀਦਗੀ ਨਾਲ ਲੈ ਕੇ ਇਸ ਵਿੱਚ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਵਾਲੇ ਲੋਕਾਂ ’ਤੇ ਕਾਰਵਾਈ ਕਰੇ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਸਿੱਖ ਕੌਮ ਹਰ ਧਰਮ ਦਾ ਸਤਿਕਾਰ ਕਰਦੀ ਹੈ ਅਤੇ ਕਿਸੇ ਨਾਲ ਵੀ ਵੈਰ ਨਹੀਂ ਰੱਖਦੀ। ਕੁਝ ਲੋਕ ਮੌਜੂਦਾ ਸਥਿਤੀ ਨੂੰ ਕੌਮਾਂ ਵਿੱਚ ਵੰਡੀਆਂ ਪਾਉਣ ਲਈ ਇਕ ਹਥਿਆਰ ਵਜੋਂ ਵਰਤ ਰਹੇ ਹਨ, ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਅੰਤ੍ਰਿੰਗ ਕਮੇਟੀ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਇਸ ਗੱਲ ਵੱਲ ਗੌਰ ਕਰੇ। ਇਹ ਵੀ ਕਿਹਾ ਗਿਆ ਕਿ ਜਿਹੜੀਆਂ ਸ਼ਕਤੀਆਂ ਸਿੱਖਾਂ ਦਾ ਅਕਸ ਖਰਾਬ ਕਰ ਰਹੀਆਂ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਸਿੱਖਾਂ ਅੰਦਰ ਪਨਪ ਰਹੀ ਬੇਵਿਸ਼ਵਾਸੀ ਨੂੰ ਖ਼ਤਮ ਕਰਨ ਲਈ ਵੀ ਢੁੱਕਵੇਂ ਕਦਮ ਚੁੱਕੇ ਜਾਣ।
- Governor pay Obeisance Golden Temple: ਪੰਜਾਬ ਦੇ ਰਾਜਪਾਲ ਬਨਵਰੀ ਲਾਲ ਪੁਰੋਹਿਤ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
- Dadasaheb Phalke Award: ਦਿੱਗਜ ਅਦਾਕਾਰਾ ਵਹੀਦਾ ਰਹਿਮਾਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ, ਅਨੁਰਾਗ ਸਿੰਘ ਠਾਕੁਰ ਨੇ ਕੀਤਾ ਐਲਾਨ
- Hardeep Nijjar Murder Update: ਖਾਲਿਸਤਾਨੀ ਸਮਰਥਕ ਹਰਦੀਪ ਨਿੱਝਰ ਦੇ ਕਤਲ ਦੀ ਵੀਡੀਓ ਆਈ ਸਾਹਮਣੇ, ਛੇ ਹਮਲਵਾਰਾਂ ਨੇ ਮਾਰੀਆਂ 50 ਗੋਲੀਆਂ
ਅੰਤ੍ਰਿੰਗ ਮੀਟਿੰਗ 'ਚ ਹੋਰ ਵੀ ਫੈਸਲੇ: ਇਸ ਵਿਸ਼ੇਸ਼ ਮਤੇ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਵੱਲੋਂ ਕਈ ਹੋਰ ਫੈਸਲੇ ਲੈਣ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਮਾਮਲੇ ਵੀ ਵਿਚਾਰੇ ਗਏ। ਇਕ ਮਤੇ ਵਿਚ ਜੂਨ 1984 ’ਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਸਮੇਂ ਜੋਧਪੁਰ ਜੇਲ੍ਹ ਵਿਚ ਨਜ਼ਰਬੰਦ ਰਹੇ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਦੇ ਨਾਲ-ਨਾਲ ਇਸ ਵਿਚ ਸਹਾਇਤਾ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਨੋਇਡਾ ਉਤਰ ਪ੍ਰਦੇਸ਼ ਦੇ ਵਸਨੀਕ ਕਾਕਾ ਸਿਦਕਦੀਪ ਸਿੰਘ ਜਿਸ ਦੇ ਸਭ ਤੋਂ ਲੰਮੇ ਕੇਸ ਹੋਣ ਕਾਰਨ ਉਸ ਦਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਵਿਚ ਦਰਜ਼ ਹੋਣ ’ਤੇ ਉਸ ਨੂੰ ਵੀ ਸਨਮਾਨਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।