ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ਵਿੱਚ ਲੱਗੇ ਇਨਸਾਫ਼ ਮੋਰਚੇ ਵਿੱਚ ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਈਟੀਵੀ ਭਾਰਤ ਵੱਲੋਂ ਬੀਬੀ ਖਾਲੜਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਿਤ ਲੱਗੇ ਮੋਰਚੇ ਅਤੇ ਕਿਸਾਨਾਂ ਵੱਲੋਂ ਲਾਏ ਗਏ ਧਰਨਿਆਂ ਬਾਰੇ ਗੱਲਬਾਤ ਕੀਤੀ ਗਈ।
. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਵਿੱਚ ਜਾਂਚ ਹੋ ਗਈ ਪਰ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ?
ਬੀਬੀ ਪਰਮਜੀਤ ਕੌਰ ਖਾਲੜਾ ਦਾ ਕਹਿਣਾ ਹੈ ਕਿ ਇਹ ਧਰਮ ਯੁੱਧ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਸਤਿਕਾਰ ਨੂੰ ਬਹਾਲ ਕਰਨ ਲਈ ਲਾਇਆ ਗਿਆ ਹੈ। ਇਹ ਮੋਰਚਾ ਲਾਉਣ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ ਕਿਉਂਕਿ ਸਿੱਖ ਕੌਮ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਹੈ। ਪਰ ਉਹ ਖ਼ੁਦ ਹੀ ਬੇਅਦਬੀਆਂ ਕਰਨ ਲੱਗ ਜਾਣ ਤਾਂ ਸਿੱਖ ਕੌਮ ਨੂੰ ਮਜਬੂਰ ਹੋ ਕੇ ਅਜਿਹੇ ਮੋਰਚੇ ਲਾਉਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਹਮਾਇਤ ਨਹੀਂ ਕਰਨ ਆਏ ਸਗੋਂ ਅਸੀਂ ਇਸ ਮੋਰਚੇ ਦਾ ਅੰਗ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਵਿੱਚ ਇਨਸਾਫ਼ ਮਿਲੇ।
. ਸਰੂਪਾਂ ਦੇ ਮਾਮਲੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦਾ ਰੋਲ ਕਿਵੇਂ ਮੰਨਦੇ ਹੋ?
ਬੀਬੀ ਖਾਲੜਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਇਹ ਇਨਸਾਫ਼ ਮੋਰਚਾ ਲੱਗਾ ਹੈ ਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਆ ਕੇ ਨਿਆਂ ਕਰਨਾ ਚਾਹੀਦਾ ਸੀ ਕਿ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਪਾਰਲੀਮੈਂਟ ਕੋਲ ਜਾ ਕੇ ਕਿਸਾਨਾਂ ਦੀ ਹਮਾਇਤ ਕਰਨ ਜੋ ਕਿ ਜ਼ਰੂਰੀ ਵੀ ਸੀ ਪਰ ਸਰੂਪਾਂ ਦੇ ਮਾਮਲੇ ਵਿੱਚ ਵੀ ਚੁੱਪ ਨੂੰ ਤੋੜਨਾ ਚਾਹੀਦਾ ਹੈ।
. ਕਿਸਾਨਾਂ ਨਾਲ ਸਬੰਧਤ ਬਣੇ ਕਾਨੂੰਨ ਵਿੱਚ ਸਿਆਸੀ ਪਾਰਟੀਆਂ ਦਾ ਰੋਲ ਕਿਵੇਂ ਦੇਖਦੇ ਹੋ?
ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਆਉਣ ਵਾਲੀਆਂ ਵੋਟਾਂ ਦੇਖ ਰਹੀਆਂ ਹਨ, ਜੇਕਰ ਆਪਾਂ ਥੋੜ੍ਹਾ ਪਿੱਛੇ ਦੇਖੀਏ ਤਾਂ ਸਾਰੀਆਂ ਹੀ ਪਾਰਟੀਆਂ ਇਸ ਕਿਸਾਨ ਵਿਰੋਧੀ ਕਾਨੂੰਨ ਲਈ ਗੁਨਾਹਗਾਰ ਹਨ। ਜਿੱਥੇ ਕਾਂਗਰਸ ਪਾਰਟੀ ਨੇ ਇਸ ਕਾਨੂੰਨ ਬਾਰੇ ਹੁੰਦੀਆਂ ਮੀਟਿੰਗਾਂ ਵਿੱਚ ਸ਼ਮੂਲੀਅਤ ਕੀਤੀ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਇਸ ਕਾਨੂੰਨ ਦੇ ਹੱਕ ਵਿੱਚ ਬੋਲਦਾ ਰਿਹਾ। ਉਨ੍ਹਾਂ ਕਿਹਾ ਕਿ ਇਹ ਕਿਸਾਨ ਵਿਰੋਧੀ ਕਾਨੂੰਨ ਵਾਪਸ ਹੋਣਾ ਚਾਹੀਦਾ ਹੈ।
. ਕੀ ਕੇਂਦਰ ਦੀ ਸਰਕਾਰ ਇਸ ਕਾਨੂੰਨ ਨੂੰ ਵਾਪਸ ਲਵੇਗੀ?
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਸੋਚਦੇ ਹਨ ਕਿ ਉਨ੍ਹਾਂ ਕੋਲ ਬਹੁਮਤ ਹੈ, ਇਸ ਲਈ ਕੋਈ ਵੀ ਕਾਨੂੰਨ ਪਾਸ ਕਰ ਸਕਦਾ ਹੈ ਪਰ ਜਦੋਂ ਲੋਕ ਇਕੱਠੇ ਹੋ ਕੇ ਸੜਕਾਂ 'ਤੇ ਆ ਜਾਣ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਨੂੰ ਝੁਕਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ/ ਹਰਿਆਣਾ ਦੇ ਕਿਸਾਨਾਂ ਨੇ ਹੀ ਭਾਰਤ ਦੇ ਲੋਕਾਂ ਦਾ ਢਿੱਡ ਭਰਿਆ, ਇਸ ਲਈ ਇਨ੍ਹਾਂ ਰਾਜਾਂ ਦੇ ਕਿਸਾਨਾਂ ਨੂੰ ਵੱਧ ਤਕਲੀਫ਼ ਹੋਈ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਭਰਮ ਪਾਲਿਆ ਹੋਇਆ ਹੈ ਕਿ ਉਹ ਹਮੇਸ਼ਾਂ ਵੋਟਾਂ ਦੇ ਸਿਰ 'ਤੇ ਰਾਜ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਮੇਸ਼ਾਂ ਹੀ ਘੱਟ ਗਿਣਤੀ ਲੋਕਾਂ ਨੂੰ ਦਬਾਇਆ ਜਾਂਦਾ ਹੈ ਪਰ ਨਰਿੰਦਰ ਮੋਦੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਦੂਜੇ ਰਾਜਾਂ ਦੇ ਲੋਕਾਂ ਨਾਲੋਂ ਵੱਖਰੇ ਹਨ।
ਕੇਂਦਰ ਸਰਕਾਰ ਜਿਵੇਂ ਭਾਰਤ ਦੇ ਦੂਜੇ ਲੋਕਾਂ ਨੂੰ ਸਮਝਦੀ ਹੈ, ਪੰਜਾਬ ਨੂੰ ਇਸ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਪੰਜਾਬ ਹਮੇਸ਼ਾਂ ਕੇਂਦਰ ਦੇ ਖ਼ਿਲਾਫ਼ ਭੁਗਤਦਾ ਹੈ, ਜਿਸ ਪਾਰਟੀ ਦੀ ਸਰਕਾਰ ਕੇਂਦਰ ਵਿੱਚ ਹੁੰਦੀ ਹੈ ਪੰਜਾਬ ਉਸ ਦੇ ਉਲਟ ਪਾਰਟੀ ਦੀ ਸਰਕਾਰ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ, ਇਸ ਖਿੱਤੇ ਦੇ ਲੋਕ ਆਪਣੇ ਹੱਕਾਂ ਲਈ ਮਰਨ/ ਮਾਰਨ ਤੱਕ ਜਾਂਦੇ ਹਨ। ਜੇਕਰ ਨਰਿੰਦਰ ਮੋਦੀ ਨੇ ਜਿੱਦ ਨਾ ਛੱਡੀ ਤਾਂ ਜਿੱਦ ਅਸੀਂ ਵੀ ਨਹੀਂ ਛੱਡਾਂਗੇ।
ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਹੱਕ ਵਿੱਚ ਲੱਗਿਆ ਮੋਰਚਾ ਅਤੇ ਕਿਸਾਨਾਂ ਦੇ ਹੱਕ ਵਿੱਚ ਲੱਗੇ ਧਰਨੇ ਸਾਨੂੰ ਮਿਹਨਤ ਕਰਕੇ ਸਫ਼ਲ ਕਰਨੇ ਚਾਹੀਦੇ ਹਨ।