ਤਰਨਤਾਰਨ: ਪੰਜਾਬ ਸਰਕਾਰ ਵੱਲੋਂ ਦਿੱਲੀ ਦੀਆਂ ਮੈਡੀਕਲ ਸਹੂਲਤਾਂ ਦਾ ਹਵਾਲਾ ਦਿੰਦੇ ਹੋਏ ਅਕਸਰ ਹੀ ਸੂਬੇ ਦੀ ਜਨਤਾ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਸੀ। ਪਰ ਇਹਨਾਂ ਵਾਅਦਿਆਂ ਦੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹਲਕੇ ਵਿਚ ਫੂਕ ਨਿਕਲ ਗਈ ਹੈ। ਜਿਥੇ ਇਕ ਬੇਬਸ ਪਿਤਾ ਆਪਣੀ ਨੌਜਵਾਨ ਧੀ ਦੇ ਇਲਾਜ ਲਈ ਮੁਹਤਾਜ ਹੋਇਆ ਪਿਆ ਹੈ। ਜਿਸ ਕੋਲ ਆਪਣੀ ਧੀ ਦੇ ਇਲਾਜ ਲਈ ਅੱਜ ਪੈਸੇ ਨਹੀਂ ਹਨ ਤੇ ਨਾ ਹੀ ਕੋਈ ਉਸਦਾ ਮਦਦ ਲਈ ਹੱਥ ਫੜ੍ਹ ਰਿਹਾ ਹੈ। ਜਿਸਦੇ ਚਲਦਿਆਂ 20 ਸਾਲ ਦੀ ਸਿਮਰਨ ਦਾ ਇਲਾਜ ਹਸਪਤਾਲ ਵਿਚ ਨਾ ਹੋ ਕੇ ਘਰ ਵਿਚ ਹੀ ਕਰਨ ਨੂੰ ਮਜਬੂਰ ਹੋਏ ਪਏ ਹਨ। ਦਰਅਸਲ ਘਰ ਵਿਚ ਹੀ ਆਕਸੀਜਨ ਲਾ ਕੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸਿਮਰਨ ਕੌਰ ਦੇ ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਅਤੇ ਪੰਜਾਬ ਸਰਕਾਰ ਤੋਂ ਕੀਤੀ ਮੰਗ ਉਹਨਾ ਦੇ ਘਰ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਲੜਕੀ ਦਾ ਇਲਾਜ ਕਰਵਾਇਆ ਜਾਵੇ। ਪੀੜਿਤ ਪਿਤਾ ਮੱਖਣ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਤੋਂ ਹੋਰ ਕੁਝ ਨਹੀਂ ਚਾਹੁੰਦੇ। ਆਪਣੀ ਜਵਾਨ ਧੀ ਨੂੰ ਵੇਖ ਕੇ ਉਸ ਦੇ ਪਿਤਾ ਨੇ ਭਰੇ ਮਨ ਨਾਲ ਸਮਾਜ ਸੇਵੀਆਂ ਤੋਂ ਲਾਈ ਮਦਦ ਦੀ ਗੁਹਾਰ ਤੇ ਕਿਹਾ ਕਿ ਇਲਾਜ ਕਰਵਾ ਦਿਉ ਉਸ ਨੂੰ ਹੋਰ ਕੁਝ ਨਹੀਂ ਚਾਹੀਦਾ।
ਇਹ ਵੀ ਪੜ੍ਹੋ : Campaign against drugs: ਨਸ਼ੇ ਦੇ ਖ਼ਿਲਾਫ਼ ਏਡੀਜੀਪੀ ਦੀ ਅਗਵਾਈ 'ਚ ਚਲਾਈ ਗਈ ਮੁਹਿੰਮ, ਪੁਲਿਸ ਨੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਕੀਤੀ ਅਪੀਲ
ਧੀ ਦਾ ਇਲਾਜ ਕਰਵਾਉਣ ਲਈ ਘਰ ਤੱਕ ਵੇਚ ਦਿੱਤਾ: ਦਰਅਸਲ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਆਂਸਲ ਵਿਖੇ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਕਿ ਇੱਕ ਨੌਜਵਾਨ ਲੜਕੀ ਨੂੰ ਉਸਦੇ ਪਰਿਵਾਰ ਵੱਲੋਂ ਘਰ ਵਿਁਚ ਆਕਸੀਜਨ ਲਾ ਕੇ ਰੱਖਿਆ ਹੋਇਆ ਹੈ। ਪੱਤਰਕਾਰਾਂ ਦੀ ਟੀਮ ਇਸ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਤਾਂ ਮੰਜੇ 'ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਲੜਕੀ ਸਿਮਰਨ ਕੌਰ ਦੇ ਪਿਤਾ ਮੱਖਣ ਸਿੰਘ ਨੇ ਦੱਸਿਆ ਕਿ ਛੋਟੇ ਹੁੰਦੇ ਸਿਮਰਨ ਕੌਰ ਦੀ ਮਾਂ ਇਸ ਨੂੰ ਛੱਡ ਕੇ ਦੁਨੀਆਂ ਤੋਂ ਚਲੀ ਗਈ। ਜਿਸ ਨੂੰ ਉਸ ਨੇ ਰਾਤ ਦਿਨ ਇਕ ਕਰਕੇ ਬੜੀ ਹੀ ਮੁਸ਼ਕਲ ਨਾਲ ਉਸ ਨੇ ਆਪਣੀ ਧੀ ਨੂੰ ਪਾਲਿਆ ਅਤੇ ਹੁਣ ਜਦ ਉਸ ਨੂੰ ਵਿਆਹੁਣ ਦਾ ਸਮਾਂ ਆਇਆ ਤਾਂ ਉਸ ਨੂੰ ਟੀ ਵੀ ਦੀ ਬਿਮਾਰੀ ਨੇ ਘੇਰ ਲਿਆ ਹੈ। ਮੱਖਣ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਇਲਾਜ ਕਰਵਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਇੱਥੋਂ ਤਕ ਕਿ ਉਸ ਨੇ ਆਪਣੀ ਧੀ ਦਾ ਇਲਾਜ ਕਰਵਾਉਣ ਲਈ ਆਪਣਾ ਘਰ ਤੱਕ ਵੇਚ ਦਿੱਤਾ ਪਰ ਹੁਣ ਜਦ ਉਸ ਕੋਲ ਪੈਸੇ ਖਤਮ ਹੋ ਗਏ ਹਨ , ਤਾਂ ਉਹ ਇਲਾਜ ਨਹੀਂ ਕਰਵਾ ਰਹੇ ਜਿਸ ਕਰਕੇ ਆਕਸੀਜਨ ਲਾ ਕੇ ਉਸ ਦੀ ਲੜਕੀ ਨੂੰ ਹਸਪਤਾਲ ਵਿਚ ਡਾਕਟਰਾਂ ਨੇ ਘਰ ਭੇਜ ਦਿੱਤਾ। ਮੱਖਣ ਸਿੰਘ ਨੇ ਦੱਸਿਆ ਕਿ ਉਸ ਕੋਲ ਸਰਕਾਰੀ ਇਲਾਜ ਵਾਲਾ ਕਾਰਡ ਵੀ ਸੀ , ਪਰ ਉਹ ਵੀ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਨਹੀ ਚਲਿਆ ਜਿਸ ਤੋਂ ਬਾਅਦ ਉਹ ਕਾਰਡ ਚੰਡੀਗੜ ਪੀ ਜੀ ਆਈ ਵਿਚ ਚੱਲਿਆ ਸੀ।
ਕਿਸੇ ਮੰਤਰੀ ਨੇ ਉਹਨਾਂ ਦੀ ਬੱਚੀ ਦੀ ਸਾਰ ਨਾ ਲਈ: ਪਰ ਉਥੇ ਵੀ ਇਕ ਮਹੀਨਾ ਦਵਾਈ ਦੇਣ ਤੋਂ ਬਾਅਦ ਉਸਦੀ ਲੜਕੀ ਨੂੰ ਘਰ ਭੇਜ ਦਿੱਤਾ ਗਿਆ ਕਿਉਂਕਿ ਉਸ ਕੋਲ ਕਾਰਡ ਦੇ ਨਾਲ ਲਾਉਣ ਲਈ ਪੈਸੇ ਖਤਮ ਹੋ ਗਏ ਸਨ ਮੱਖਣ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਘਰ ਵਿਚ ਆਕਸੀਜ਼ਨ ਲੱਗੇ ਹੋਏ ਦੱਸ ਦਿਨ ਹੋ ਚੁੱਕੇ ਹਨ, ਨਾ ਕਿਸੇ ਸਰਕਾਰੀ ਡਾਕਟਰ ਨੇ ਉਨ੍ਹਾਂ ਦੀ ਕੋਈ ਸਾਰ ਲਈ ਹੈ ਨਾ ਹੀ ਕਿਸੇ ਮੰਤਰੀ ਸੰਤਰੀ ਨੇ ਉਹਨਾਂ ਦੀ ਬੱਚੀ ਦੀ ਜ਼ਿੰਦਗੀ ਬਚਾਉਣ ਲਈ ਸਾਰ ਲਈ ਹੈ। ਪੀੜਤ ਲੜਕੀ ਦੀ ਤਾਈ ਕਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਝੂਠੇ ਵਾਅਦੇ ਕਰ ਰਹੀ ਹੈ ਅਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਗਰੀਬ ਲੋਕਾਂ ਨੂੰ ਮੁਫਤ ਇਲਾਜ ਕਰਵਾਉਣ ਲਈ ਹਰ ਬੁਨਿਆਦੀ ਸਹੂਲਤ ਦਿੱਤੀ ਹੋਈ ਹੈ|
ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ: ਪਰ ਇਹ ਵਾਅਦੇ ਸਭ ਝੂਠੇ ਹਨ ਕਿਉਂਕਿ ਦਸ ਦਿਨਾਂ ਤੋਂ ਉਨ੍ਹਾਂ ਦੀ ਲੜਕੀ ਘਰ ਵਿਚ ਹੀ ਆਕਸੀਜਨ ਲਾ ਕੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਕਿਉਂਕਿ ਸਰਕਾਰੀ ਡਾਕਟਰਾਂ ਵੱਲੋਂ ਵੀ ਉਸ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਪੈਸੇ ਨਾ ਹੋਣ ਕਰ ਕੇ ਦਾਖਲ ਕੀਤਾ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਸਮਾਜਸੇਵੀਆਂ ਤੋਂ ਅਤੇ ਪੰਜਾਬ ਸਰਕਾਰ ਅਤੇ ਆਪਣੇ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਮੰਗ ਕੀਤੀ ਹੈ, ਕਿ ਘਰ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਉਨ੍ਹਾਂ ਦੀ ਲੜਕੀ ਦਾ ਇਲਾਜ ਕਰਵਾ ਦਿੱਤਾ ਜਾਵੇ ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ।