ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਅੱਜ ਪੂਰੇ ਵਿਸ਼ਵ ਦੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ।
ਸੰਗਤਾਂ ਦਰਬਾਰ ਸਾਹਿਬ ਹੋ ਰਹੀਆਂ ਨਤਮਸਤਕ: ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਵੱਲੋਂ ਸਮੂਹ ਸਿੱਖ ਜਗਤ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਸਿੱਖ ਕੌਮ ਦੀ ਜਗਤ ਵਿੱਚ ਇੱਕ ਵੱਖਰੀ ਪਹਿਚਾਣ ਹੈ। ੳਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬਾਣੀ ਨਾਲ ਜੁੜੋ ਅਤੇ ਸਿਮਰਨ ਕਰੋ। ਉਨ੍ਹਾਂ ਦੱਸਿਆ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜੋ ਤਿਆਰ ਕੀਤਾ ਸੀ। ਉਹ ਦਸਮ ਪਾਤਸ਼ਾਹ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਕੇ ਤੇ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਬਖਸ਼ਿਸ਼ ਕਰਕੇ ਇਹ ਸੇਵਾ ਲਾਈ ਗਈ ਸੀ। ਉਥੇ ਹੀ ਉਨ੍ਹਾਂ ਦੱਸਿਆ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵਲੋਂ ਨਾਂਦੇੜ ਸਾਹਿਬ ਦੀ ਧਰਤੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ। ਜਿਸ 'ਚ ਸਿੱਖਾਂ ਨੂੰ ਹੁਕਮ ਲਾਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਿਆ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਸਭ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ।
SGPC ਤੇ ਮੁੱਖ ਮੰਤਰੀ ਨੇ ਵੀ ਦਿੱਤੀ ਵਧਾਈ: ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਵੀ ਦੇਸ਼ ਵਿਦੇਸ਼ਾਂ ਵਿੱਚ ਵੱਸਦੀ ਸਿੱਖ ਸੰਗਤ ਨੂੰ ਇਸ ਪਾਵਨ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ । ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੁੱਚੀ ਮਨੁੱਖਤਾ ਦੇ ਲਈ ਹੈ। ਜਿਹੜਾ ਵੀ ਇਸ ਨੂੰ ਪੜ੍ਹੇਗਾ ਉਹ ਨਿਹਾਲ ਹੋ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਸਮੱੁਚੀ ਸਿੱਖ ਸੰਗਤ ਨੂੰ ਇਸ ਪਾਵਨ ਦਿਨ ਦੀਆਂ ਵਧਾਈਆਂ ਦਿੱਤੀਆਂ ਸੀ। ਜਿਸ 'ਚ ਉਨ੍ਹਾਂ ਸੋਸ਼ਲ ਮੀਡੀਆ 'ਤੇ ਪੋਸਟ ਵੀ ਸ਼ੇਅਰ ਕੀਤੀ ਸੀ।
- KEJRIWAL PM CANDIDATE : AAP ਬੁਲਾਰੇ ਪ੍ਰਿਅੰਕਾ ਕੱਕੜ ਨੇ ਕਿਹਾ - ਅਰਵਿੰਦ ਕੇਜਰੀਵਾਲ ਨੂੰ ਬਣਾਓ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ
- Policeman Preaching Christianity: ਦਰਬਾਰ ਸਾਹਿਬ ਨੇੜੇ ਇਸਾਈ ਧਰਮ ਦਾ ਪ੍ਰਚਾਰ ਕਰਦੇ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ, ਸਿੱਖ ਆਗੂਆਂ ਨੇ ਚੁੱਕੇ ਸਵਾਲ
- CM Mann Warning : ਮੁਲਾਜ਼ਮਾਂ ਨੂੰ CM ਦੀ ਦੋ ਟੁੱਕ, ਕਲਮ ਛੋੜ ਹੜਤਾਲ ਕਰੋ, ਪਰ ਬਾਅਦ 'ਚ ਕਲਮ ਥੋਡੇ ਹੱਥਾਂ 'ਚ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਸਰਕਾਰ ਕਰੇਗੀ
ਸੰਪੂਰਨਤਾ ਦਿਵਸ ਦਾ ਇਤਿਹਾਸ: ਸਭ ਤੋਂ ਪਹਿਲਾਂ ਸਿੱਖ ਪੰਥ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੇ ਸਦੀਵੀ ਬਚਨਾਂ ਨੂੰ ਪੋਥੀ ਰੂਪ ਵਿੱਚ ਲਿਖਿਆ। ਇਸ ਤੋਂ ਮਗਰੋਂ ਜਿਸ ਵਕਤ ਗੁਰੂ ਅੰਗਦ ਦੇਵ ਜੀ ਗੁਰਿਆਈ ’ਤੇ ਬਿਰਾਜਮਾਨ ਸਨ, ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਇਸ ਪੋਥੀ ਨੂੰ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤਾ। ਆਤਮ ਤ੍ਰਿਪਤੀ ਅਤੇ ਨਿਰੰਕਾਰ ਦੇ ਦਰਸ਼ਨ ਕਰਵਾਉਣ ਵਾਲੇ ਇਹਨਾਂ ਅੰਮ੍ਰਿਤ ਬਚਨਾਂ ਦਾ ਪਰਵਾਹ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੱਕ ਨਿਰੰਤਰ ਚਲਦਾ ਰਿਹਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਦਾ ਦੁੱਖ ਹਰਣ ਦੇ ਲਈ ਭਗਤਾਂ, ਭੱਟਾਂ ਤੇ ਗੁਰੂ ਘਰ ਵਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ‘ਆਦਿ ਗ੍ਰੰਥ’ ਤਿਆਰ ਕਰਵਾਇਆ। 1430 ਅੰਕ ਵਾਲੇ ਇਸ ਮਹਾਨ ਗ੍ਰੰਥ ਵਿੱਚ ਅੰਕ 1 ਤੋਂ ਲੈ ਕੇ 13 ਤੱਕ ਰਾਗ-ਮੁਕਤ ਨਿੱਤਨੇਮ ਦੀਆਂ ਬਾਣੀਆਂ ਅੰਕਿਤ ਹਨ। ਅੰਕ 14 ਤੋਂ ਲੈ ਕੇ 1353 ਤੱਕ ਰਾਗ-ਬੱਧ ਬਾਣੀ ਅੰਕਿਤ ਹੈ। ਅੰਕ 1353 ਤੋਂ 1430 ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ ਜੀ, ਬਾਬਾ ਸ਼ੇਖ ਫਰੀਦ ਤੇ ਭੱਟ ਸਾਹਿਬਾਨ ਵਲੋਂ ਉਚਾਰੇ ਸਲੋਕ, ਸਵੱਯੇ, ਰਾਗ ਮਾਲਾ ਦਰਜ ਹੈ। ਅਖੀਰ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1708 ਈ ਨੂੰ ਜੋਤੀ ਜੋਤਿ ਸਮਾਉਣ ਦੇ ਸਮੇਂ ਇਸ ਪਾਵਨ ਗ੍ਰੰਥ ਨੂੰ ਮੱਥਾ ਟੇਕਿਆ ਅਤੇ ਇਸ ਗ੍ਰੰਥ ਦੀ ਪਰਿਕਰਮਾ ਕਰਕੇ ਗੁਰੂ ਥਾਪ ਦਿੱਤਾ। ਇਸ ਤਰ੍ਹਾਂ ਸਿੱਖ ਕੌਮ ਨੂੰ ਸਦੀਵੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਗੁਰੂ ਸਾਹਿਬ ਨੇ ਲਾਇਆ।