ਅੰਮ੍ਰਿਤਸਰ : ਬੀਤੀ ਰਾਤ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਬਿਆਸ ਨੇੜੇ ਇਕ ਢਾਬੇ ਉੱਤੇ ਸਪੈਸ਼ਲ ਸੈੱਲ ਦਿੱਲ੍ਹੀ ਪੁਲਿਸ ਅਤੇ ਸਥਾਨਕ ਪੁਲਿਸ ਵਲੋਂ ਕੀਤੇ ਸਾਂਝੇ ਆਪ੍ਰੇਸ਼ਨ ਦੌਰਾਨ ਜਿੱਥੇ ਗੈਂਗਸਟਰ ਤੇ ਪੁਲਿਸ ਦਰਮਿਆਨ ਹੋਏ ਮੁਕਾਬਲੇ ਵਿੱਚ ਗੋਲੀਆਂ ਚਲੀਆਂ ਹਨ। ਉਥੇ ਇਸ ਮੁਕਾਬਲੇ ਦਰਮਿਆਨ ਸਪੈਸ਼ਲ ਸੈੱਲ ਦੇ ਇਕ ਮੁਲਾਜਿਮ ਨੂੰ ਵੀ ਗੋਲੀ ਲੱਗੀ ਹੈ। ਉਸਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿੱਚ ਦਾਖਿਲ ਕਰਵਾਇਆ ਗਿਆ ਹੈ।
ਢਾਬੇ ਉੱਤੇ ਮੌਜੂਦ ਮਨਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਦੇਰ ਰਾਤ ਉਹ ਢਾਬੇ ਉੱਤੇ ਮੌਜੂਦ ਸੀ ਅਤੇ ਇਸ ਦੌਰਾਨ ਕਾਰ ਸਵਾਰ 2 ਗ੍ਰਾਹਕ ਪੁੱਜੇ। ਜਿਨ੍ਹਾਂ ਖਾਣਾ ਆਰਡਰ ਕੀਤਾ ਅਤੇ ਅੰਦਰ ਹਾਲ ਵਿੱਚ ਬੈਠ ਕੇ ਖਾਣਾ ਖਾ ਰਹੇ ਸੀ। ਜਿਸ ਤੋਂ ਥੋੜੀ ਦੇਰ ਬਾਅਦ ਇਕ ਹੋਰ ਗੱਡੀ ਆਈ। ਜਿਸ ਵਿੱਚ ਚਾਰ ਪੰਜ ਵਿਅਕਤੀ ਆਏ ਅਤੇ ਹਾਲ ਤਰਫ ਅੰਦਰ ਜਾ ਰਹੇ ਸੀ। ਇਸੇ ਦੌਰਾਨ ਅੰਦਰ ਬੈਠੇ 2 ਵਿਅਕਤੀ ਭੱਜ ਕੇ ਬਾਹਰ ਆਏ ਅਤੇ ਦੌੜਨ ਲੱਗੇ।ਜਿਨ੍ਹਾਂ ਪਿੱਛੇ ਉਕਤ ਕਾਰ ਸਵਾਰ ਵੀ ਦੌੜ ਪਏ। ਉਹਨਾ ਦੱਸਿਆ ਕਿ ਬਾਅਦ ਵਿੱਚ ਕਾਰ ਸਵਾਰਾਂ ਨੇ ਆਪਣੇ ਆਪ ਨੂੰ ਦਿੱਲ੍ਹੀ ਪੁਲਿਸ ਦੀ ਟੀਮ ਦੱਸਿਆ ਸੀ।
ਇਹ ਵੀ ਪੜ੍ਹੋ: ‘ਸਕੂਲ ਆਫ਼ ਐਮੀਨੈਂਸ’ ਦੀ ਸ਼ੁਰੂਆਤ ਮੌਕੇ CM ਮਾਨ ਦਾ ਦਾਅਵਾ, ਹੁਣ ਬਾਹਰੋਂ ਲੋਕ ਦੇਖਣ ਆਉਣਗੇ ਪੰਜਾਬ ਦੇ ਸਕੂਲ
ਗੱਲਬਾਤ ਦੌਰਾਨ ਡੀਐਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈੱਲ ਦਿੱਲ੍ਹੀ ਪੁਲਿਸ ਅਤੇ ਉਨ੍ਹਾਂ ਦਾ ਇੱਕ ਸਾਂਝਾ ਆਪ੍ਰੇਸ਼ਨ ਸੀ, ਜਿਸ ਵਿੱਚ ਉਹ 2 ਵਿਅਕਤੀਆਂ ਦਾ ਪਿੱਛਾ ਕਰਦੇ ਆ ਰਹੇ ਸੀ ਤੇ ਜਦੋਂ ਉਹ 2 ਵਿਅਕਤੀ ਇਸ ਇਲਾਕੇ ਵਿੱਚ ਆਏ ਤਾਂ ਦਿੱਲ੍ਹੀ ਪੁਲਿਸ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ। ਜਿਸ ਵਿੱਚ ਸਾਂਝਾ ਆਪ੍ਰੇਸ਼ਨ ਕਰਦਿਆਂ ਜਦੋਂ ਕਥਿਤ ਗੈਂਗਸਟਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਮੁਲਜ਼ਮਾਂ ਨੇ ਗੋਲੀ ਚਲਾ ਦਿੱਤੀ, ਜਿਸ ਵਿੱਚ ਦਿੱਲੀ ਪੁਲਿਸ ਦੇ ਇੱਕ ਮੁਲਾਜ਼ਮ ਦੇ ਪੈਰ ਵਿੱਚ ਗੋਲੀ ਲੱਗੀ ਹੈ।
ਉਨ੍ਹਾਂ ਦੱਸਿਆ ਕਿ ਮੁਕਾਬਲੇ ਦਰਮਿਆਨ ਕਰੀਬ 8 ਤੋਂ 10 ਗੋਲੀਆਂ ਚੱਲੀਆਂ। ਜਿਸ ਵਿੱਚ ਪੁਲਿਸ ਵਲੋਂ ਹਵਾਈ ਫਾਇਰ ਕੀਤੇ ਗਏ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਇੱਕ ਕਥਿਤ ਮੁਲਜ਼ਮ ਕਮਲਜੀਤ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ ਇੱਕ ਪਿਸਟਲ ਅਤੇ ਗੱਡੀ ਬਰਾਮਦ ਕਰਕੇ ਥਾਣਾ ਬਿਆਸ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 9 ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਰੇ ਇਲਾਜ ਜਖਮੀ ਪੁਲਿਸ ਮੁਲਾਜ਼ਮ ਦੀ ਹਾਲਤ ਸਥਿਰ ਹੈ।