ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ 27 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਸੱਦਿਆ ਹੈ। ਇਸ ਵਿੱਚ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਜਾਣਗੇ।
ਜਿਵੇਂ-ਜਿਵੇਂ ਜਨਰਲ ਇਜਲਾਸ ਦਾ ਦਿਨ ਨੇੜੇ ਆ ਰਿਹਾ ਹੈ, ਪ੍ਰਧਾਨ ਅਤੇ ਹੋਰ ਅਹੁਦਿਆਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਸਬੰਧਤ ਸ਼੍ਰੋਮਣੀ ਕਮੇਟੀ ਦੀ ਦੌੜ ਵੀ ਵਧ ਰਹੀ ਹੈ।
ਇਹ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਪਹੁੰਚ ਕਰ ਰਹੇ ਹਨ। ਕਈ ਦਾਅਵੇਦਾਰ ਪ੍ਰਮੁੱਖ ਅਕਾਲੀ ਦਲ ਸ਼ਖ਼ਸ਼ੀਅਤ ਰਾਹੀਂ ਵੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਰਵਾਇਤ ਮੁਤਾਬਕ ਜਨਰਲ ਇਜਲਾਸ ਤੋਂ ਪਹਿਲਾਂ ਜਥੇਬੰਦੀ ਦੇ ਪ੍ਰਧਾਨ ਵਲੋਂ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਰਾਏ ਲਈ ਜਾਂਦੀ ਹੈ ਅਤੇ ਇਸ ਮਗਰੋ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਂਦਾ ਹੈ, ਜਿਸ ਨੂੰ ਮੁੜ ਜਨਰਲ ਇਜਲਾਸ ਵਿੱਚ ਚੋਣ ਲਈ ਐਲਾਨਿਆ ਜਾਂਦਾ ਹੈ।
ਐਤਕੀ ਇਸ ਮੀਟਿੰਗ ਤੋਂ ਪਹਿਲਾ ਹੀ ਕਈ ਪ੍ਰਮੁੱਖ ਮੈਬਰਾਂ ਵੱਲੋਂ ਬਾਦਲ ਤੱਕ ਪਹੁੰਚ ਕਰ ਕੇ ਦਾਅਵੇਦਾਰੀ ਪੇਸ ਕੀਤੀ ਜਾ ਰਹੀ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿਦ ਸਿੰਘ ਲੌਂਗੋਵਾਲ ਮੁੜ ਪ੍ਰਧਾਨ ਦੇ ਅਹੁਦੇ ਵਾਸਤੇ ਵੱਡੇ ਦਾਅਵੇਦਾਰ ਹਨ। ਉਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਤੋਤਾ ਸਿੰਘ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਹੋਰਨਾ ਦੇ ਨਾਵਾਂ ਦੀ ਵੀ ਚਰਚਾ ਹੈ।
ਜਾਣਕਾਰੀ ਅਨੁਸਾਰ ਸੰਤ ਬਲਬੀਰ ਸਿੰਘ ਨੇ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਦੱਸ ਦੇਈਏ ਕਿ ਲੌਂਗੋਵਾਲ ਪਿਛਲੇ ਦੋ ਸਾਲਾਂ ਤੋਂ ਸਿੱਖ ਸੰਸਥਾ ਦੇ ਨਿਰਵਿਵਾਦ ਪ੍ਰਧਾਨ ਹਨ। ਉਨ੍ਹਾਂ ਦੇ ਦੂਜੇ ਸਾਲ ਦੇ ਕਾਰਜਕਾਲ ਦੌਰਾਨ ਗੁਰੂ ਨਾਨਕ ਦੇਵ ਜੀ ਦਾ 550ਸਾਲਾਂ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ ਗਿਆ ਹੈ ਜੋ ਲੌਂਗੋਵਾਲ ਦੇ ਖਾਤੇ ਵਿੱਚ ਵੱਡੀ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜੋ: ਮਾਹਾਰਾਸ਼ਟਰ ਚੋਣ ਸੰਕਟ- NCP ਤੇ ਕਾਂਗਰਸ ਅੱਜ ਕਰਣਗੇ ਬੈਠਕ
ਲੌਂਗੋਵਾਲ ਤੋਂ ਇਲਾਵਾ ਇਸ ਵਾਰ ਜਥੇਦਾਰ ਤੋਤਾ ਸਿੰਘ ਨੂੰ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਕਮੇਟੀ ਦਾ ਮੁੱਖੀ ਬਣਾਇਆ ਗਿਆ ਸੀ। ਇਸ ਤਰ੍ਹਾ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਨਾਂ ਵੀ ਮੁੜ ਚਰਚਾ ਵਿੱਚ ਰਿਹਾ ਹੈ। ਉਨ੍ਹਾਂ ਨੂੰ ਸੰਸਥਾ ਦੀ ਪਹਿਲੀ ਔਰਤ ਪ੍ਰਧਾਨ ਹੋਣ ਦਾ ਮਾਣ ਵੀ ਪ੍ਰਪਾਤ ਹੈ। ਉਹ ਇਸ ਪਹਿਲਾ 1999 ਅਤੇ 2004 ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਵਾਰ ਪ੍ਰਧਾਨ ਬਣੇ ਹਨ ਅਤੇ ਤਿੰਨ ਵਾਰ ਅਕਾਲੀ ਵਿਧਾਇਕ ਤੇ ਇਕ ਵਾਰ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ।