ਅੰਮ੍ਰਿਤਸਰ: ਟੋਕੀਓ ਓਲੰਪਿਕ ਵਿੱਚੋਂ ਕਾਂਸੀ ਤਮਗਾ ਜੇਤੂ ਭਾਰਤੀ ਹਾਕੀ ਟੀਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਪੁੱਜੀ ਭਾਰਤੀ ਹਾਕੀ ਟੀਮ ਦੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਦੇ ਸਾਹਮਣੇ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕਰਕੇ ਇਹ ਸਨਮਾਨ ਦਿੱਤਾ ਗਿਆ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਟੀਮ ਦੇ ਹਰ ਖਿਡਾਰੀ ਨੂੰ 5-5 ਲੱਖ ਰੁਪਏ ਦਾ ਚੈੱਕ, ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਨਮਾਨ ਚਿੰਨ੍ਹ ਦੇਣ ਦੇ ਨਾਲ-ਨਾਲ ਭਾਰਤੀ ਹਾਕੀ ਦੇ ਜਨਰਲ ਸਕੱਤਰ ਸ. ਰਜਿੰਦਰ ਸਿੰਘ ਅਤੇ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਸਮਿਆਂ ਦੌਰਾਨ ਓਲੰਪਿਕ ਵਿੱਚੋਂ ਮੱਲ੍ਹਾਂ ਮਾਰਨ ਵਾਲੇ ਕਈ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ, ਕਿ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਕੇ 41 ਸਾਲ ਬਾਅਦ ਜੋ ਇਤਿਹਾਸ ਸਿਰਜਿਆ ਹੈ, ਉਸ ਨਾਲ ਦੇਸ਼ ਦਾ ਨਾਂ ਪੂਰੀ ਦੁਨੀਆਂ ਵਿੱਚ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਖੁਸ਼ੀ ਹੋਰ ਵੀ ਜ਼ਿਆਦਾ ਹੈ। ਕਿਉਂਕਿ ਭਾਰਤੀ ਹਾਕੀ ਟੀਮ ਵਿੱਚ ਬਹੁ-ਗਿਣਤੀ ਖਿਡਾਰੀ ਪੰਜਾਬ ਵਿੱਚੋਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਨੂੰ ਖੇਡ ਭਾਵਨਾ ਦੇ ਰੂਬਰੂ ਗੁਰੂ ਸਾਹਿਬਾਨ ਨੇ ਕਰਵਾਇਆ ਹੈ। ਜਿਸ ਤੋਂ ਅਗਵਾਈ ਲੈਂਦਿਆਂ ਸਾਡੇ ਨੌਜਵਾਨਾਂ ਨੇ ਹਮੇਸ਼ਾ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਖੇਡਾਂ ਭਾਈਚਾਰਕ ਸਾਂਝਾਂ ਮਜ਼ਬੂਤ ਕਰਦੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸੇ ਤਹਿਤ ਹੀ ਹਾਕੀ ਟੀਮ ਦੇ ਹਰ ਖਿਡਾਰੀ ਨੂੰ ਸਨਮਾਨਿਤ ਰਾਸ਼ੀ ਦਿੱਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਗੁਰੂ ਘਰ ਤੋਂ ਦਿੱਤਾ ਗਿਆ ਸਨਮਾਨ ਇਸ ਲਈ ਬਹੁਤ ਵੱਡਾ ਹੈ, ਕਿਉਂਕਿ ਇਹ ਕੇਵਲ ਰਾਸ਼ੀ ਹੀ ਨਹੀਂ ਬਲਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ।
ਇਸ ਦੌਰਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਮੇਟੀ ਦੀਆਂ ਖੇਡ ਅਕੈਡਮੀਆਂ ਲਗਾਤਾਰ ਸਰਗਰਮ ਹਨ ਅਤੇ ਸ਼੍ਰੋਮਣੀ ਕਮੇਟੀ ਦੀ ਹਾਕੀ ਟੀਮ ਨੂੰ ਭਾਰਤੀ ਹਾਕੀ ਵੱਲੋਂ ਮਾਨਤਾ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਹੋਰ ਖੇਡਾਂ ਲਈ ਵੀ ਖੇਡ ਡਾਇਰੈਕਟੋਰੇਟ ਸਥਾਪਿਤ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ, ਅਗਲੇ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਦੀ ਆਸ ਪ੍ਰਗਟਾਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਵੀ ਹਾਕੀ ਟੀਮ ਦੇ ਖਿਡਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ:- ਟੋਕੀਓ ਓਲਪਿੰਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ’ਤੇ ਸਰਕਾਰ ਮਿਹਰਬਾਨ