ਅੰਮ੍ਰਿਤਸਰ: ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਸਿੱਖ ਆਟੋ ਡਰਾਈਵਰ ਨਾਲ ਹੋਈ ਮਾਰਕੁੱਟ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ 2 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਦਿੱਲੀ ਪੁਲਿਸ ਵੱਲੋਂ ਅਜਿਹਾ ਕਰਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ। ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਇੰਚਾਰਜ ਕੁਲਵਿੰਦਰ ਸਿੰਘ ਨੇ ਕਿਹਾ ਕਿ ਐਸਜੀਪੀਸੀ ਇਸ ਫ਼ੈਸਲੇ ਦਾ ਸੁਆਗਤ ਕਰਦੀ ਹੈ।
ਮੁਖਰਜੀ ਨਗਰ ਮਾਮਲਾ: ਦਿੱਲੀ ਪੁਲਿਸ ਨੇ 2 ਪੁਲਿਸ ਕਰਮਚਾਰੀਆਂ ਨੂੰ ਕੀਤਾ ਬਰਖ਼ਾਸਤ
ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਘੱਟ ਗਿਣਤੀ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਵਧੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ 'ਚ ਦੋਸ਼ੀ ਹੋਰਨਾਂ ਪੁਲਿਸ ਮੁਲਾਜ਼ਮਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ 16 ਜੂਨ ਨੂੰ ਦਿੱਲੀ ਪੁਲਿਸ ਨੇ ਇੱਕ ਸਿੱਖ ਆਟੋ ਡਰਾਈਵਰ ਅਤੇ ਉਸ ਦੇ ਨਬਾਲਿਗ ਬੇਟੇ ਨਾਲ ਕੁੱਟਮਾਰ ਕੀਤੀ ਸੀ ਜਿਸ ਤੋਂ ਬਾਅਦ ਇਸ ਮਾਮਲੇ 'ਚ ਦੋ FIR ਦਰਜ ਹੋਈਆਂ ਸਨ। ਇਹ ਮਾਮਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਵੀ ਜਾ ਚੁੱਕਾ ਹੈ। ਫ਼ਿਲਹਾਲ ਇਸ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਕਰ ਰਹੀ ਹੈ।