ਅੰਮ੍ਰਿਤਸਰ: 'ਦਾਸਤਾਨ-ਏ ਮੀਰੀ ਪੀਰੀ' ਫ਼ਿਲਮ ਦੀ ਰਿਲੀਜ਼ ਖ਼ਿਲਾਫ਼ ਸਿੱਖ ਜਥੇਬੰਦੀਆਂ ਦੇ ਲਗਾਤਾਰ ਵਿਰੋਧ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਮੈਂਨਜਮੇਂਟ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੰਮ੍ਰਿਤਸਰ ਵਿੱਖੇ ਹੋਵੇਗੀ। ਮੀਟਿੰਗ ਦੌਰਾਨ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਵਿਚਾਰ-ਚਰਚਾ ਹੋਵੇਗੀ। 'ਦਾਸਤਾਨ-ਏ ਮੀਰੀ ਪੀਰੀ' ਫਿਲਮ ਵਿੱਚ ਪੰਜਵੀਂ ਤੇ ਛੇਵੀਂ ਪਾਤਸ਼ਾਹੀ ਅਤੇ ਬਾਬਾ ਬਿਧੀ ਚੰਦ ਦੇ ਇਤਿਹਾਸ ਨੂੰ ਦਰਸ਼ਾਇਆ ਗਿਆ ਹੈ। ਇਹ ਫਿਲਮ 5 ਜੂਨ ਨੂੰ ਰਿਲੀਜ਼ ਹੋਨੀ ਹੈ।
ਕੀ ਹੈ ਵਿਵਾਦ?
ਸਿੱਖ ਜਥੇਬੰਦੀਆਂ ਦਾ ਮੰਨਣਾ ਹੈ ਕਿ ਜਿਸ ਗੁਰੂ ਨੇ ਸਭ ਤੋਂ ਪਹਿਲਾ ਬੰਦਿਆਂ ਦੀ ਪੂਜਾ, ਬੁੱਤ ਪੂਜਾ ਅਤੇ ਤਸਵੀਰਾਂ ਦੀ ਪੂਜਾ ਮਨ੍ਹਾ ਕੀਤੀ ਅਤੇ ਸਿੱਖ ਨੂੰ ਸ਼ਬਦ ਗੁਰੂ ਰਾਹੀ ਸਿਧਾਂਤ ਅਤੇ ਰਹਿਤ ਵਿੱਚ ਪੱਕੇ ਰਹਿਣ ਦਾ ਹੁਕਮ ਦਿੱਤਾ ਅੱਜ ਉਸੇ ਹੀ ਗੁਰੂ ਦੀਆਂ ਕਾਰਟੂਨ ਫ਼ਿਲਮਾਂ, ਹਾਸੋ ਹੀਣੀਆਂ ਤਸਵੀਰਾਂ, ਬੋਲਦੇ ਬੁੱਤਾ ਰਾਹੀਂ ਅੰਨ੍ਹੀ ਸ਼ਰਧਾ ਦੇ ਰਾਹ ਉੱਤੇ ਚੱਲਕੇ ਸਿੱਖੀ ਤੋਂ ਕੋਹਾਂ ਮੀਲ ਦੂਰ ਜਾ ਰਹੇ ਹਾਂ।
ਇਸ ਫ਼ਿਲਮ ਦੇ ਡਾਇਰੈਕਟਰ ਵਿਨੋਦ ਲਾਂਜੇਵਕ ਹਨ ਅਤੇ ਪ੍ਰੋਡਿਊਸਰ ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਨਵਦੀਪ ਸਿੰਘ, ਬਲਰਾਜ ਸਿੰਘ, ਨੋਬਲਦੀਪ ਸਿੰਘ ਹਨ। ਇਸ ਫ਼ਿਲਮ ਦਾ ਮਿਊਜ਼ਿਕ ਕੁਲਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ।