ਅੰਮ੍ਰਿਤਸਰ: ਸੂਬੇ ਵਿੱਚ ਆਏ ਦਿਨ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਆਏ ਦਿਨ ਪੁੱਤ ਕਪੁੱਤ ਬਣਦੇ ਜਾ ਰਹੇ ਹਨ। ਉੱਥੇ ਹੀ ਸ਼ਹਿਰ ਵਿੱਚ ਐਸਜੀਪੀਸੀ ਮੁਲਾਜ਼ਮ ਜਰਮਨਜੀਤ ਸਿੰਘ ਨਾਂਅ ਦੇ ਵਿਅਕਤੀ ਨੇ ਆਪਣੀ 65 ਸਾਲਾ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ।
ਇਸ ਬਾਰੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਣਜੀਤ ਕੌਰ ਨਾਂਅ ਦੀ ਇਕ ਔਰਤ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਉਸਦੀ ਉਮਰ 65 ਸਾਲ ਦੀ ਹੈ ਅਤੇ ਉਸ ਨੂੰ ਉਸਦੇ ਪੁੱਤਰ ਨੇ 1 ਸਾਲ ਤੋਂ ਘਰੋਂ ਕੱਢਿਆ ਹੋਇਆ ਹੈ। ਉਸ ਦਾ ਪੁੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੈਨੇਜਰ ਦੇ ਅਹੁਦੇ ‘ਤੇ ਕੰਮ ਕਰ ਰਿਹਾ ਹੈ। ਮਾਤਾ ਰਣਜੀਤ ਕੌਰ ਦਾ ਕਹਿਣਾ ਹੈ ਕਿ ਅਜੋਕੇ ਸਮੇਂ ਲਈ ਉਨ੍ਹਾਂ ਨੂੰ ਰੋਟੀ ਦੇ ਕੱਪੜੇ ਅਤੇ ਮਕਾਨ ਦੀ ਜ਼ਰੂਰਤ ਹੈ ਜੋ ਉਨ੍ਹਾਂ ਤੋਂ ਖੋਹ ਲਿਆ ਗਿਆ ਹੈ।
ਉੱਥੇ ਹੀ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਇਸ ਮਾਂ ਦੀ ਮਦਦ ਲਈ ਲੋਕ ਇਨਸਾਫ਼ ਪਾਰਟੀ ਦੇ ਧਾਰਮਿਕ ਵਿੰਗ ਪ੍ਰਧਾਨ ਜਗਜੌਤ ਸਿੰਘ ਖ਼ਾਲਸਾ ਅਤੇ ਪਾਰਟੀ ਵਰਕਰਾਂ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨਾਲ ਗੱਲਬਾਤ ਕੀਤੀ ਹੈ ਤੇ ਬਜ਼ੁਰਗ ਮਾਤਾ ਨੂੰ ਇਨਸਾਫ਼ ਦਿਵਾਉਣ ਦੀ ਗੱਲ ਆਖੀ ਹੈ।
ਅਜਿਹੀ ਸਥਿਤੀ ਵਿੱਚ, ਹੁਣ ਵੇਖਣਾ ਇਹ ਹੋਵੇਗਾ ਕਿ ਕੀ ਪੁਲਿਸ ਪ੍ਰਸ਼ਾਸਨ ਮਾਤਾ ਰਣਜੀਤ ਕੌਰ ਨੂੰ ਇਨਸਾਫ਼ ਦਿਵਾਉਂਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ?