ਅੰਮ੍ਰਿਤਸਰ : ਸਬ ਡਵੀਜਨ ਬਾਬਾ ਬਕਾਲਾ ਸਾਹਿਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਲਾਅ ਐਂਡ ਆਰਡਰ ਦੀ ਸਥਿਤੀ ਦੀ ਜੇਕਰ ਗੱਲ ਕਰੀਏ ਤਾਂ ਲੁਟੇਰਿਆਂ ਦੇ ਹੌਂਸਲੇ ਇੰਨੇ ਕੁ ਬੁਲੰਦ ਹੋ ਚੁੱਕੇ ਹਨ ਕਿ ਜੋ ਲੁਟੇਰੇ ਹੁਣ ਤੱਕ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਸਨ। ਉਨ੍ਹਾਂ ਦੇ ਹੱਥ ਹੁਣ ਪੁਲਿਸ ਤੱਕ ਜਾ ਪਹੁੰਚੇ ਹਨ। ਇਸੇ ਤਰ੍ਹਾਂ ਡਿਊਟੀ ਤੋਂ ਵਾਪਿਸ ਪਰਤੇ ਇੱਕ ਪੁਲਿਸ ਮੁਲਾਜਮ ਨੂੰ ਬਾਈਕ ਸਵਾਰਾਂ ਕੋਲੋਂ ਲਿਫਟ ਲੈਣਾ, ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਅੱਗੇ ਉਕਤ ਬਾਈਕ ਸਵਾਰ ਕਥਿਤ ਲੁਟੇਰੇ ਨਿਕਲੇ।
ਗੱਲਬਾਤ ਦੌਰਾਨ ਥਾਣਾ ਬਿਆਸ ਮੁੱਖੀ ਇੰਸਪੈਕਟਰ ਹਰਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਪੁਲਿਸ ਨੇ ਕਥਿਤ ਮੁਲਜਮਾਂ ਰਣਜੀਤ ਸਿੰਘ ਮਹਿਸਮਪੁਰਾ ਅਤੇ ਮਨਦੀਪ ਸਿੰਘ ਵਾਸੀ ਸਠਿਆਲਾ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਰਾਹਗੀਰਾਂ ਨੂੰ ਡੰਮੀ ਪਿਸਤੌਲ ਦਾ ਡਰਾਵਾ ਦੇ ਕੇ ਲੁੱਟ-ਖੋਹ ਕੀਤੀ ਜਾਂਦੀ ਸੀ।
ਇਸੇ ਤਰ੍ਹਾਂ ਸਾਡਾ ਇੱਕ ਮੁਲਾਜਮ ਜੋ ਕਿ ਕਰਤਾਰਪੁਰ ਡਿਊਟੀ ਤੋਂ ਵਾਪਿਸ ਪਰਤ ਰਿਹਾ ਸੀ ਕਿ ਇਸ ਦੌਰਾਨ ਉਕਤ ਬਾਈਕ ਸਵਾਰ ਮੁਲਜਮਾਂ ਵੱਲੋਂ ਉਸ ਨੂੰ ਡੰਮੀ ਪਿਸਤੌਲ ਨਾਲ ਧਮਕਾ ਕੇ ਮੋਬਾਇਲ ਖੋਹਿਆ ਅਤੇ ਫਰਾਰ ਹੋ ਗਏ। ਇੰਸਪੈਕਟਰ ਖਹਿਰਾ ਨੇ ਕਿਹਾ ਕਿ ਉਕਤ ਲੁੱਟ-ਖੋਹ ਸਬੰਧੀ ਮੁਲਜ਼ਮਾਂ ਖਿਲਾਫ ਥਾਣਾ ਬਿਆਸ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:4 ਔਰਤਾ ਸਮੇਤ ਕੁੱਲ 6 ਲੋਕ ਚੋਰੀ ਦੇ ਸਮਾਨ ਸਣੇ ਕਾਬੂ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਪਾਸੋਂ 2 ਮੋਬਾਇਲ ਫੋਨ, ਮੋਟਰਸਾਈਕਲ ਅਤੇ ਡੰਮੀ ਪਿਸਤੌਲ ਬਰਾਮਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲਗਾਤਾਰ ਲੁੱਟ-ਖੋਹ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਪੁਲਿਸ ਵੱਲੋਂ ਕੀਤੀ ਕਾਰਵਾਈ ਨਾਲ ਜੁਰਮ ਨੂੰ ਕਾਫੀ ਹੱਦ ਤੱਕ ਠੱਲ੍ਹ ਪਈ ਹੈ।