ਅੰਮ੍ਰਿਤਸਰ: ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਬੇਸ਼ੱਕ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਇੰਨ੍ਹਾਂ ਲੱਗ ਰਹੀਆਂ ਅੱਗਾਂ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਬਾਵਜੂਦ ਇਸ ਦੇ ਕਿਸਾਨ ਧੜੱਲੇ ਨਾਲ ਪਰਾਲੀ ਦੇ ਨਾੜ ਨੂੰ ਅੱਗ ਲਾ ਰਹੇ ਹਨ। ਜਦਕਿ ਸਰਕਾਰ ਵਲੋਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਹਦਾਇਤਾਂ ਹਨ ਕਿ ਕਿਸਾਨਾਂ ਨੂੰ ਜਾਗਰੂਕ ਕਰਕੇ ਨਾੜ ਨੂੰ ਅੱਗ ਲਾਉਣ ਤੋਂ ਰੋਕਿਆ ਜਾਵੇ ਜਾਂ ਕਾਨੂੰਨੀ ਕਾਰਵਾਈ ਤੱਕ ਕੀਤੀ ਜਾਵੇ। Action Against Stubble Burn
ਨਾੜ ਨੂੰ ਲਾਈ ਅੱਗ ਬੁਝਾਉਣ ਪੁੱਜੇ ਐੱਸਡੀਐੱਮ: ਇਸੇ ਤਰ੍ਹਾਂ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਦਾ ਤਾਜ਼ਾ ਮਾਮਲਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੇਦਾਦਪੁਰ ਠੱਠੀਆਂ ਅਤੇ ਧਿਆਨਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਉਪ ਮੰਡਲ ਮੈਜਿਸਟਰੇਟ (ਐੱਸ ਡੀ ਐੱਮ) ਬਾਬਾ ਬਕਾਲਾ ਸਾਹਿਬ ਅਮਨਪ੍ਰੀਤ ਸਿੰਘ ਤੁਰੰਤ ਮੌਕੇ 'ਤੇ ਪੁੱਜੇ।
ਪ੍ਰਸ਼ਾਸਨ ਨੂੰ ਦਿੱਤੇ ਸਖ਼ਤ ਨਿਰਦੇਸ਼: ਇਸ ਦੌਰਾਨ ਐੱਸਡੀਐੱਮ ਵਲੋਂ ਜੰਡਿਆਲਾ ਗੁਰੂ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾ ਕੇ ਨਾੜ ਨੂੰ ਲਗਾਈ ਹੋਈ ਅੱਗ ਨੂੰ ਤੁਰੰਤ ਬੁਝਾਇਆ ਗਿਆ। ਇਸ ਦੌਰਾਨ ਸਮੇਤ ਅਮਲੇ ਸਥਾਨਕ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁੱਜੇ ਅਤੇ ਉਕਤ ਮਾਮਲੇ ਦਾ ਜਾਇਜ਼ਾ ਲਿਆ। ਇਸ ਮੌਕੇ ਗੱਲਬਾਤ ਦੌਰਾਨ ਐੱਸ ਡੀ ਐੱਮ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਤੋਂ ਬਾਅਦ ਡੀਐਸਪੀ ਬਾਬਾ ਬਕਾਲਾ ਸੁਖਵਿੰਦਰਪਾਲ ਸਿੰਘ, ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਸੁਖਦੇਵ ਬੰਗੜ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
- Pregnant Woman Death: ਨਿੱਜੀ ਹਸਪਤਾਲ ਵਿੱਚ ਗਰਭਵਤੀ ਮਹਿਲਾ ਦੀ ਭੇਦਭਰੇ ਹਾਲਾਤਾਂ 'ਚ ਮੌਤ, ਪਤੀ ਨੇ ਡਾਕਟਰਾਂ ਉੱਤੇ ਲਾਇਆ ਲਾਪਰਵਾਹੀ ਦਾ ਇਲਜ਼ਾਮ
- Gangster Arrested: ਗੁਰਦਾਸਪੁਰ ਦੇ ਬਟਾਲਾ 'ਚ ਗੈਂਗਸਟਰਾਂ ਨਾਲ ਪੁਲਿਸ ਦਾ ਮੁਕਾਬਲਾ, ਇੱਕ ਗੈਂਗਸਟਰ ਦੀ ਲੱਤ 'ਚ ਵੱਜੀ ਗੋਲੀ, 6 ਗੈਂਗਸਟਰ ਗ੍ਰਿਫ਼ਤਾਰ
- Stubble Burning Case: ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣਾ ਅਧਿਕਾਰੀ ਨੂੰ ਪਿਆ ਮਹਿੰਗਾ, ਕਿਸਾਨਾਂ ਨੇ ਧੱਕੇ ਨਾਲ ਅਫ਼ਸਰ ਤੋਂ ਹੀ ਲਵਾਈ ਅੱਗ, CM ਮਾਨ ਬੋਲੇ- ਪਰਚਾ ਦਰਜ ਹੋਵੇਗਾ
ਕਿਸਾਨਾਂ ਨੂੰ ਜਾਗਰੂਕ ਹੋਣ ਦੀ ਕੀਤੀ ਅਪੀਲ: ਇਸ ਦੇ ਨਾਲ ਹੀ ਐੱਸਡੀਐੱਮ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਕਿਉਂਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਖ਼ਤਮ ਹੋ ਰਹੀ ਹੈ, ਉਥੇ ਹੀ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਕਿਨਾਰੇ ਖੇਤਾਂ ਵਿੱਚ ਨਾੜ ਨੂੰ ਲਗਾਈ ਇਸ ਅੱਗ ਕਾਰਨ ਕਈ ਵਾਰ ਹਾਦਸੇ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਐੱਸਡੀਐੱਮ ਨੇ ਕਿਹਾ ਕਿ ਵਾਰ-ਵਾਰ ਅਪੀਲ ਦੇ ਬਾਵਜੂਦ ਵੀ ਜੇਕਰ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਗੇ ਤਾਂ ਪ੍ਰਸ਼ਾਸ਼ਨ ਵਲੋਂ ਅਜਿਹੇ ਕਿਸਾਨਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।