ਅੰਮ੍ਰਿਤਸਰ: ਸ਼ਹਿਰ ਦੇ ਪੁਤਲੀਘਰ ਇਲਾਕੇ ਵਿੱਚ ਦੋ ਔਰਤਾਂ ਕੋਲੋਂ ਚਾਕੂ ਦੀ ਨੋਕ 'ਤੇ ਅਣਪਛਾਤੇ ਲੁਟੇਰਿਆਂ ਵੱਲੋਂ ਲੁੱਟ ਕੀਤੇ ਜਾਣ ਦੀ ਸੂਚਨਾ ਹੈ। ਹਾਲਾਂਕਿ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ, ਪਰ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।
ਘਟਨਾ ਦੇ ਚਸ਼ਮਦੀਦ ਨਰਿੰਦਰ ਨੇ ਦੱਸਿਆ ਕਿ ਉਹ ਬਾਜ਼ਾਰ ਵਿੱਚ ਸਥਿਤ ਆਪਣੀ ਦੁਕਾਨ 'ਤੇ ਬੈਠਾ ਸੀ। ਇਸ ਦੌਰਾਨ ਦੋ ਔਰਤਾਂ ਬਾਜ਼ਾਰ ਵਿੱਚੋਂ ਲੰਘ ਰਹੀਆਂ ਸਨ ਤਾਂ ਦੋ ਨੌਜਵਾਨ ਨੇ ਉਨ੍ਹਾਂ ਨੂੰ ਚਾਕੂ ਵਿਖਾਇਆ ਅਤੇ ਡਰਾਇਆ। ਨੌਜਵਾਨਾਂ ਨੇ ਪਹਿਲਾਂ ਇੱਕ ਔਰਤ ਨਾਲ ਧੱਕਾ-ਮੁੱਕੀ ਕੀਤੀ ਤੇ ਉਸ ਨੂੰ ਹੇਠਾਂ ਜ਼ਮੀਨ 'ਤੇ ਸੁੱਟ ਦਿੱਤਾ। ਉਪਰੰਤ ਦੂਜੀ ਔਰਤ ਨੂੰ ਕੁੱਟਮਾਰ ਕੀਤੀ ਅਤੇ ਚਾਕੂ ਵਿਖਾਉਂਦੇ ਹੋਏ ਲੁੱਟ ਕਰਕੇ ਫ਼ਰਾਰ ਹੋ ਗਏ। ਉਸ ਨੇ ਕਿਹਾ ਜਦੋਂ ਉਹ ਲੁੱਟ ਨੂੰ ਵੇਖ ਕੇ ਨੌਜਵਾਨਾਂ ਵੱਲ ਭੱਜਿਆ ਤਾਂ ਉਹ ਉਥੋਂ ਫ਼ਰਾਰ ਹੋ ਗਏ।
ਉਧਰ, ਦੂਜੇ ਪਾਸੇ ਥਾਣਾ ਕੰਟਨਮੈਂਟ ਦੇ ਐਸਐਚਓ ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੀਸੀਟੀਵੀ ਨੂੰ ਪੂਰੀ ਚੰਗੀ ਤਰ੍ਹਾਂ ਵੇਖਿਆ ਹੈ ਅਤੇ ਉਨ੍ਹਾਂ ਨੇ ਸੀਸੀਟੀਵੀ ਦੇ ਆਧਾਰ 'ਤੇ ਨੌਜਵਾਨਾਂ ਦੀ ਪਛਾਣ ਅਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਵੱਲੋਂ ਲੁੱਟ ਦੀ ਅਜੇ ਤੱਕ ਕੋਈ ਸਿਕਾਇਤ ਨਹੀਂ ਮਿਲੀ। ਉਹ ਔਰਤਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ।