ਅੰਮ੍ਰਿਤਸਰ: ਇੱਕ ਪਾਸੇ ਪੰਜਾਬ ਪੁਲਿਸ ਵਲੋਂ ਸੂਬੇ 'ਚ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਤਾਂ ਦੂਜੇ ਪਾਸੇ ਦਿਨ ਦੁਪਹਿਰੇ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਪ੍ਰਸ਼ਾਸਨ ਦੇ ਇੰਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ। ਸ਼ਰੇਆਮ ਆਏ ਦਿਨ ਹੋ ਰਹੀਆਂ ਇਹ ਵਾਰਦਾਤਾਂ ਦਿਖਾ ਰਹੀਆਂ ਹਨ ਕਿ ਬਦਮਾਸ਼ਾਂ 'ਚ ਕਾਨੂੰਨ ਦਾ ਖੌਫ਼ ਖਤਮ ਹੁੰਦਾ ਜਾ ਰਿਹਾ ਹੈ ਤੇ ਕਾਨੂੰਨ ਵਿਵਸਥਾ ਦੀ ਪੋਲ ਖੁੱਲ੍ਹਦੀ ਜਾ ਰਹੀ ਹੈ।
ਪਿਸਤੌਲ ਦੀ ਨੋਕ 'ਤੇ ਸੁਨਿਆਰੇ ਤੋਂ ਲੁੱਟ: ਮਾਮਲਾ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ 'ਤੇ ਪੈਂਦੇ ਈਸ਼ਵਰ ਨਗਰ ਦਾ ਹੈ, ਜਿੱਥੇ ਸੁਨਿਆਰੇ ਦੀ ਦੁਕਾਨ 'ਚ ਦਿਨ ਦਿਹਾੜੇ 3 ਨਕਾਬਪੋਸ਼ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਸਾਫ਼ ਦਿਖਾਈ ਦਿੰਦਾ ਹੈ ਕਿ ਦੁਕਾਨ 'ਚ ਵੜੇ ਦੋ ਨਕਾਬਪੋਸ਼ਾਂ ਵਲੋਂ ਸੁਨਿਆਰੇ ਨੂੰ ਪਿਸਤੌਲ ਦਿਖਾਈ ਅਤੇ ਫਿਰ ਨਕਦੀ ਤੇ ਗਹਿਣੇ ਲੈਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਵਿੱਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੋਰੀ ਦੌਰਾਨ ਮੌਕੇ ਤੋਂ ਬਦਮਾਸ਼ਾਂ ਦੀ ਪਿਸਤੌਲ ਬਰਾਮਦ: ਇਸ ਸਬੰਧੀ ਦੁਕਾਨਦਾਰ ਦਾ ਕਹਿਣਾ ਕਿ ਉਹ ਜਦੋਂ ਦੁਪਹਿਰ ਸਮੇਂ ਆਪਣੀ ਦੁਕਾਨ 'ਚ ਬੈਠਾ ਸੀ ਤਾਂ ਬਾਹਰੋਂ ਦੋ ਨਕਾਬਪੋਸ਼ ਹਥਿਆਰ ਲੈਕੇ ਦੁਕਾਨ 'ਚ ਦਾਖ਼ਲ ਹੋ ਗਏ। ਜਿੰਨਾਂ ਵਲੋਂ ਮੈਨੂੰ ਗੋਲੀ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਫਾਇਰ ਨਹੀਂ ਲੱਗਿਆ। ਉਸ ਨੇ ਦੱਸਿਆ ਕਿ ਫਿਰ ਬਦਮਾਸ਼ਾਂ ਨੇ ਨਕਦੀ ਅਤੇ ਹੋਰ ਗਹਿਣੇ ਲੁੱਟੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਹਵਾਈ ਫਾਇਰ ਕੀਤੇ ਅਤੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਵਾਰਦਾਤ ਦੌਰਾਨ ਬਦਮਾਸ਼ਾਂ ਦੀ ਇੱਕ ਪਿਸਤੌਲ ਵੀ ਇਥੇ ਡਿੱਗ ਗਈ।
ਕਾਨੂੰਨ ਵਿਵਸਥਾ 'ਤੇ ਲੋਕਾਂ ਨੇ ਚੁੱਕੇ ਸਵਾਲ: ਇਸ ਸਬੰਧੀ ਹੋਰ ਦੁਕਾਨਦਾਰਾਂ ਦਾ ਕਹਿਣਾ ਕਿ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ 'ਚ ਵਾਧਾ ਹੋ ਗਿਆ ਹੈ। ਜਿਸ ਕਾਰਨ ਇਥੇ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚਾਹੀਦਾ ਕਿ ਅਜਿਹੇ ਸ਼ਰਾਰਤੀ ਅਨਸਰਾਂ 'ਤੇ ਸਮਾਂ ਰਹਿੰਦੇ ਨੱਥ ਪਾਈ ਜਾਵੇ ਤਾਂ ਜੋ ਲੋਕ ਆਪਣੀ ਜ਼ਿੰਦਗੀ ਬਿਨਾਂ ਟੈਨਸ਼ਨ ਤੋਂ ਜੀਅ ਸਕਣ।
- ਮੂਸੇਵਾਲਾ ਨੂੰ ਝਾਰਖੰਡ ਦੇ ਪੁਲਿਸ ਅਫਸਰ ਨੇ ਕਿਹਾ ਅੱਤਵਾਦੀ, ਵਿਰੋਧ ਮਗਰੋਂ ਐੱਸਐੱਚਓ ਨੇ ਮੰਗੀ ਮੁਆਫ਼ੀ
- Sunny Deol News: ਸੰਸਦ ਮੈਂਬਰ ਸੰਨੀ ਦਿਓਲ ਨੇ ਸਿਆਸਤ ਤੋਂ ਕੀਤੀ ਨਾਂਹ, ਕਿਹਾ ਨਹੀਂ ਲੜਾਂਗਾ 2024 ਦੀਆਂ ਲੋਕ ਸਭਾ ਚੋਣਾਂ
- ਚੰਡੀਗੜ੍ਹ 'ਚ ਦਾਖਿਲ ਹੋਣ ਦੀ ਕਿਸਾਨਾਂ ਨੇ ਕੀਤੀ ਤਿਆਰੀ, ਟ੍ਰਾਈਸਿਟੀ ਛਾਉਣੀ 'ਚ ਤਬਦੀਲ, ਪੁਲਿਸ ਨੇ ਬੰਦ ਕੀਤੇ ਐਂਟਰੀ ਪੁਆਇੰਟ
ਸੀਸੀਟੀਵੀ ਦੇ ਅਧਾਰ 'ਤੇ ਜਾਂਚ ਸ਼ੁਰੂ: ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਜਾਣਕਾਰੀ ਮਿਲੀ ਸੀ ਈਸ਼ਵਰ ਨਗਰ ਤਰਨਤਾਰਨ ਰੋਡ 'ਤੇ ਸਨਿਆਰੇ ਦੀ ਦੁਕਾਨ 'ਚ ਤਿੰਨ ਬਦਮਾਸ਼ਾਂ ਵਲੋਂ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ 'ਚ 25 ਹਜਾਰ ਨਕਦੀ ਤੇ ਗਹਿਣੇ ਲੈਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਦੁਕਾਨ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਮੁਲਜ਼ਮ ਫੜੇ ਜਾ ਸਕਣ। ਉੇਨ੍ਹਾਂ ਦੱਸਿਆ ਕਿ ਬਦਮਾਸ਼ਾਂ ਦੀ ਭਜਦੇ ਸਮੇਂ ਇੱਕ ਪਿਸਤੌਲ ਮੌਕੇ 'ਤੇ ਹੀ ਡਿੱਗ ਗਈ, ਜਿਸ ਨੂੰ ਕਬਜ਼ੇ 'ਚ ਲੈਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਮੁਲਜ਼ਮ ਕਾਬੂ ਕੀਤੇ ਜਾਣਗੇ।