ਅੰਮ੍ਰਿਤਸਰ: ਪੰਜਾਬ ਦੀ ਕਾਨੂੰਨ ਵਿਵਸਥਾ ਪਹਿਲਾਂ ਹੀ ਹਾਸ਼ੀਏ ਉੱਤੇ ਪਹੁੰਚੀ ਹੋਈ ਜਾਪਦੀ ਸੀ ਪਰ ਹੁਣ ਅੰਮ੍ਰਿਤਸਰ ਵਿੱਚ ਵਪਾਰੀਆਂ ਦਾ ਗੜ੍ਹ ਕਹੇ ਜਾਣ ਵਾਲੇ ਇਲਾਕੇ ਗੁਰੂ ਬਾਜ਼ਾਰ ਦੇ ਵਿੱਚ ਲੁਟੇਰਿਆਂ ਦੇ ਬਲੰਦ ਹੌਂਸਲੇ ਨੇ ਡਗਮਗਾ ਰਹੀ ਕਾਨੂੰਨ ਵਿਵਸਥਾ ਨੂੰ ਮੁੜ ਤੋਂ ਸਭ ਦੇ ਸਾਹਮਣੇ ਨਸ਼ਰ ਕਰ ਦਿੱਤਾ ਹੈ। ਦਰਅਸਲ ਤੜਕਸਾਰ ਲੁਟੇਰਿਆਂ ਨੇ ਸੁਨਿਆਰ ਦੀ ਦੁਕਾਨ ਵਿੱਚ ਦਾਖਿਲ ਹੋਕੇ ਕੰਮ ਕਰ ਰਹੇ ਕਰਿੰਦਿਆਂ ਉੱਤੇ ਪਿਸਤੌਲ ਤਾਣ ਦਿੱਤੀ ਅਤੇ 300 ਗ੍ਰਾਮ ਸੋਨਾ ਲੁੱਟ ਕੇ ਫਰਾਰ ਹੈ ਗਏ।
15 ਲੱਖ ਦੀ ਲੁੱਟ: ਪੀੜਤ ਸੁਨਿਆਰ ਦਾ ਕਹਿਣਾ ਕਿ ਸਵੇਰੇ 6 ਵਜੇ ਦੀ ਕਰੀਬ ਕਰਿੰਦਿਆਂ ਨੇ ਦੁਕਾਨ ਖੋਲ੍ਹੀ ਹੀ ਸੀ ਕਿ ਇੰਨੀ ਦੇਰ ਵਿੱਚ ਦੋ ਨਕਾਬਪਾਸ਼ ਲੁਟੇਰੇ ਦੁਕਾਨ ਵਿੱਚ ਦਾਖਿਲ ਹੋ ਗਏ ਅਤੇ ਕਰਿੰਦਿਆਂ ਉੱਤੇ ਪਿਸਤੌਲ ਤਾਣ ਦਿੱਤੀ। ਉਨ੍ਹਾਂ ਕਿਹਾ ਲੁਟੇਰਿਆਂ ਨੇ ਗੋਲ਼ੀ ਚਲਾਉਣ ਦੀ ਧਮਕੀ ਦਿੰਦਿਆਂ ਦੁਕਾਨ ਵਿੱਚੋਂ 300 ਗ੍ਰਾਮ ਦੇ ਕਰੀਬ ਸੋਨਾ ਲੁੱਟ ਲਿਆ ਜਿਸ ਦੀ ਕੀਮਤ 15 ਲੱਖ ਦੇ ਕਰੀਬ ਹੈ। ਪੀੜਤ ਦੁਕਾਨਦਾਰ ਨੇ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।
ਸੀਸੀਟੀਵੀ ਵਿੱਚ ਕੈਦ ਵਾਰਦਾਤ: ਇਸ ਵਾਰਦਾਤ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਵਾਰਦਾਤ ਨੂੰ ਅੰਜਾਮ ਦੇਣ ਪਹੁੰਚੇ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਲੁਟੇਰੇ ਸ਼ਰੇਆਮ ਦਿਖਾਈ ਦੇ ਰਹੇ ਹਨ। ਤਸਵੀਰਾਂ ਵਿੱਚ ਲੁਟੇਰੇ ਕਰਿੰਦਿਆਂ ਉੱਤੇ ਪਿਸਤੌਲ ਤਾਣਦੇ ਅਤੇ ਸੋਨੇ ਦੀ ਲੁੱਟ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੁੰਦੇ ਲੁਟੇਰੇ ਵੀ ਤਸਵੀਰਾਂ ਵਿੱਚ ਵਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਸੱਦਾ ਪੱਤਰ, ਭਾਰਤ ਜੋੜੋ ਯਾਤਰਾ ਦੀ ਸਮਾਪਤੀ ਮੌਕੇ ਕਰਨਗੇ ਸ਼ਿਰਕਤ !
ਪੁਲਿਸ ਕਰ ਰਹੀ ਜਾਂਚ: ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪੁੱਜੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦੋ ਨਕਾਬਪੋਸ਼ ਲੁਟੇਰੇ ਸਵੇਰੇ ਗੁਰੂਬਜਾਰ ਵਿਚ ਸੁਨਿਆਰ ਦੀ ਦੁਕਾਨ ਤੋਂ ਸੋਨਾ ਲੁੱਟ ਕੇ ਫਰਾਰ ਹੋ ਗਏ ਹਨ । ਉਨ੍ਹਾਂ ਕਿਹਾ ਕਿ ਲੁੱਟ ਦੀ ਵਾਰਦਾਤ ਦੀਆਂ ਸੀਸੀਟੀਵੀ ਤਸਵੀਰਾਂ ਨੂੰ ਪੁਲਿਸ ਵੱਲੋਂ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਸ ਪਾਸ ਦੇ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਅਣਪਛਾਤੇ ਲੁਟੇਰਿਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।