ਅੰਮ੍ਰਿਤਸਰ: ਫਾਇਰਿੰਗ ਵਰਗੀਆਂ ਘਟਨਾਵਾਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਿਛਲੀ ਰਾਤ ਨੂੰ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਨੇ ਨਿਊ ਅੰਮ੍ਰਿਤਸਰ ਨੇੜੇ ਨੌਜਵਾਨ ਨੂੰ ਗੋਲੀ ਮਾਰ ਉਸ ਕੋਲੋਂ ਪਲਸਰ ਮੋਟਰਸਾਈਕਲ ਲੁੱਟ ਲਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਕਾਰ ਏਜੰਸੀ ਵਿੱਚ ਕੰਮ ਕਰਦੀ ਹੈ ਅਤੇ ਉਹ ਉਸ ਨੂੰ ਰੋਜ਼ਾਨਾ ਰਾਤ ਨੂੰ 8.50 ਵਜੇ ਲੈਣ ਲਈ ਜਾਂਦਾ ਹੈ। ਬੀਤੀ ਰਾਤ ਨੂੰ ਜਦੋਂ ਉਹ ਆਪਣੀ ਪਤਨੀ ਨੂੰ ਕੰਮ ਤੋਂ ਲੈਣ ਲਈ ਗਿਆ ਤਾਂ ਉੱਥੇ ਅਚਾਨਕ ਤਿੰਨ ਨਕਾਬਪੋਸ਼ ਆਦਮੀ ਉਸ ਕੋਲ ਆਏ ਅਤੇ ਧੱਕਾ ਮਾਰਨ ਲੱਗੇ ਜਿਸ ਨਾਲ ਉਹ ਜ਼ਮੀਨ ਉੱਤੇ ਡਿੱਗ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਵੱਲ ਇੱਕ ਫਾਇਰ ਕੀਤਾ। ਉਸ ਨੇ ਕਿਹਾ ਕਿ ਦੇਖਦਿਆਂ ਹੀ ਦੇਖਦਿਆਂ ਲੁਟੇਰਿਆਂ ਨੇ ਇੱਕ ਹੋਰ ਗੋਲੀ ਚਲਾ ਦਿੱਤੀ, ਜੋ ਉਨ੍ਹਾਂ ਦੀ ਬਾਂਹ ਉੱਤੇ ਲੱਗ ਗਈ, ਜਿਸ ਤੋਂ ਬਾਅਦ ਲੁਟੇਰੇ ਪਲਸਰ ਮੋਟਰਸਾਈਕਲ ਸਮੇਤ ਫ਼ਰਾਰ ਹੋ ਗਏ।
ਦੂਜੇ ਪਾਸੇ, ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਬ-ਇੰਸਪੈਕਟਰ ਮੁਤਾਬਕ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤੁਰੰਤ ਕਰਾਵਾਈ ਕਰਦਿਆਂ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਅਤੇ ਨਕਾਬ-ਪੋਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।