ਅੰਮ੍ਰਿਤਸਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਸਾਰ ਪੰਜਾਬ ਵਿੱਚ ਸਿਆਸੀ ਭੂਚਾਲ ਤੋਂ ਇਲਾਵਾ ਸਮੁੱਚੇ ਮੁਲਾਜ਼ਮ ਵਰਗਾਂ ਵਿੱਚ ਸਰਕਾਰੀ ਲਾਰਿਆਂ ਤੋਂ ਅੱਕ ਕੇ ਗੁੱਸਾ ਸੱਤਵੇਂ ਅਸਮਾਨ ‘ਤੇ ਚੱਲ ਰਿਹਾ ਹੈ, ਜਿਸ ਦੇ ਰੋਸ ਵਜੋਂ ਠੇਕਾ ਅਧਾਰਿਤ ਮੁਲਾਜ਼ਮਾਂ ਵਲੋਂ ਵੱਖ ਵੱਖ ਜੱਥੇਬੰਦੀਆਂ ਦੀ ਅਗਵਾਈ ਹੇਠ ਪੰਜਾਬ ਵਿੱਚ ਮੁੱਖ ਮਾਰਗ ਜਾਮ ਕੀਤੇ ਗਏ ਹਨ, ਇਸੇ ਤਹਿਤ ਕੱਚੇ ਮੁਲਾਜਮਾਂ ਵਲੋਂ ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ ਤੇ ਕੱਥੂਨੰਗਲ ਟੋਲ ਪਲਾਜ਼ਾ ਵਿਖੇ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਤਿੰਨ ਥਾਵਾਂ ‘ਤੇ ਨੈਸ਼ਨਲ ਹਾਈਵੇ ਜਾਮ ਕੀਤੇ ਗਏ ਹਨ, ਜਿਸ ਵਿੱਚ ਦਿੱਲੀ ਤੋਂ ਸਰਹਿੰਦ ਨੈਸ਼ਨਲ ਹਾਈਵੇ, ਰਾਮਪੁਰਾ ਫੂਲ, ਮੰਡੀ ਗੋਬਿੰਦਗੜ, ਪਠਾਨਕੋਟ ਤੋਂ ਜਾਂਦੇ ਹੋਏ ਕੱਥੂਨੰਗਲ ਟੋਲ ਪਲਾਜਾ ‘ਤੇ ਜਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਜਿੰਨੇ ਵੀ ਸਰਕਾਰੀ ਅਦਾਰੇ ਜਿਸ ‘ਚ ਬਿਜਲੀ ਬੋਰਡ, ਪਨਬੱਸ, ਜਲ ਸਪਲਾਈ, ਸਿੱਖਿਆ ਵਿਭਾਗ, ਮਨਰੇਗਾ, ਮੀਟਰ ਰੀਡਰ ਵਿੱਚ ਠੇਕਾ ਅਧਾਰਿਤ ਮੁਲਾਜ਼ਮ ਰੱਖੇ ਗਏ ਹਨ ਉਨ੍ਹਾਂ ਨੂੰ ਪੱਕਿਆਂ ਕੀਤਾ ਜਾਵੇ।
ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਨੂੰ ਬੰਦ ਕਰਨ ਲਈ ਉਨ੍ਹਾਂ ਵਲੋਂ ਹਾਈਵੇਅ 11 ਤੋਂ ਚਾਰ ਵਜੇ ਤੱਕ ਹਾਈਵੇ ਜਾਮ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੇ ਇਸ ਨਾਲ ਵੀ ਸਰਕਾਰ ਨਾ ਜਾਗੀ ਤਾਂ ਪੰਜਾਬ ਵਿੱਚ ਬਿਜਲੀ, ਪਾਣੀ, ਟਰਾਂਸਪੋਰਟ ਸੇਵਾਵਾਂ ਬੰਦ ਕਰ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵਲੋਂ ਪਾਸ ਲੇਬਰ ਕਾਨੂੰਨ, ਕਿਸਾਨਾਂ ਦੇ ਖੇਤੀਬਾੜੀ ਬਿੱਲ ਆਦਿ ਨੂੰ ਰੱਦ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ 13 ਜੁਲਾਈ ਨੂੰ ਉਨ੍ਹਾਂ ਦੀ ਸੂਬਾ ਕਮੇਟੀ ਦੀ ਮੀਟਿੰਗ ਲੁਧਿਆਣਾ ਵਿਖੇ ਹੋਵੇਗੀ ਅਤੇ ਜੇ ਸੁਣਵਾਈ ਨਾ ਹੋਈ ਤਾਂ ਤਿੱਖੇ ਪ੍ਰੋਗਰਾਮ ਉਲੀਕੇ ਜਾਣਗੇ ਜੋ ਸਰਕਾਰ ਝੱਲਣ ਲਈ ਤਿਆਰ ਰਹੇ।
ਇਹ ਵੀ ਪੜ੍ਹੋ:ETT ਸਿਲੈਕਟੇਡ ਅਧਿਆਪਕਾਂ ਵੱਲੋਂ ਸਰਕਾਰ ਖਿਲਾਫ਼ ਭੰਡੀ ਪ੍ਰਚਾਰ