ਅੰਮ੍ਰਿਤਸਰ: ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਅੱਜ ਸਾਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ, ਪਰ ਇਸ ਤਿਉਹਾਰ ਨੂੰ ਕੋਰੋਨਾ ਦਾ ਗ੍ਰਹਿਣ ਲੱਗ ਗਿਆ ਹੈ। ਕੋਰੋਨਾ ਦੇ ਵਧਦੇ ਖ਼ਤਰੇ ਕਾਰਨ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਉਨ੍ਹਾਂ ਦੀਆਂ ਭੈਣਾਂ ਰੱਖੜੀਆਂ ਨਹੀਂ ਬੰਨ੍ਹ ਸਕੀਆਂ।
ਕੋਰੋਨਾ ਕਾਰਨ ਪੰਜਾਬ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਭੈਣਾਂ ਵੱਲੋਂ ਰੱਖੜੀਆਂ ਬਾਹਰ ਹੀ ਜੇਲ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤੀਆਂ ਜਾਣ।
ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਜੇਲ੍ਹਾਂ ਦੇ ਬਾਹਰੀ ਗੇਟਾਂ 'ਤੇ ਸਵੇਰੇ 8.30 ਤੋਂ ਸ਼ਾਮ 5.00 ਵਜੇ ਤੱਕ ਰੱਖੜੀਆਂ ਪ੍ਰਾਪਤ ਕੀਤੀਆਂ ਜਾਣਗੀਆਂ, ਜੇਲ੍ਹ ਪ੍ਰਸ਼ਾਸਨ ਵੱਲੋਂ ਸਮਾਜਿਕ ਦੂਰੀ ਤੋਂ ਇਲਾਵਾ ਚਾਹ ਅਤੇ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਕੈਦੀਆਂ ਦੇ ਦੂਰੋਂ ਆਉਣ ਵਾਲੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਮੁਸ਼ਕਲ ਨਾ ਆਵੇ।
ਇਸ ਮੌਕੇ ਜੇਲ੍ਹ 'ਚ ਬੰਦ ਭਰਾ ਨੂੰ ਰੱਖੜੀ ਦੇਣ ਆਈ ਭੈਣ ਨੇ ਕਿਹਾ ਕਿ ਜੋ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਉਹ ਬਹੁਤ ਹੀ ਵਧੀਆ ਹਨ। ਇੱਕ ਹੋਰ ਮਹਿਲਾ, ਜੋ ਆਪਣੇ ਪੁੱਤਰ ਲਈ ਰੱਖੜੀ ਦੇਣ ਆਈ, ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ ਪਰ ਸਰਕਾਰ ਵੱਲੋਂ ਲਿਆ ਗਿਆ ਇਹ ਫ਼ੈਸਲਾ ਸ਼ਲਾਘਾਯੋਗ ਹੈ।
ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰੇਕ ਕੈਦੀ ਨੂੰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਦਿੱਤੀਆਂ ਰੱਖੜੀਆਂ ਪਹੁੰਚਾ ਦਿੱਤੀਆਂ ਜਾਣਗੀਆਂ।