ਅੰਮ੍ਰਿਤਸਰ : ਪੰਜਾਬ ਦੇ ਨਵਨਿਯੁਕਤ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਬੀਤੇ ਦਿਨ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਦੌਰਾਨ ਜਿਥੇ ਉਹਨਾਂ ਨੂੰ ਵਧਾਈਆਂ ਦੇਣ ਦਾ ਦੌਰ ਜਾਰੀ ਹੈ ਉਥੇ ਹੀ ਅਨੁਰਾਗ ਵਰਮਾ ਅੱਜ ਗੁਰੂ ਘਰ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਹੋਏ ਨਤਮਸਤਕ ਹੋ ਕੇ ਸ਼ੁਕਰਾਨਾ ਕਰਨ ਪਹੁੰਚੇ। ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਵੱਲੋਂ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਹੋਏ ਨਤਮਸਤਕ ਹੋਣ ਤੋਂ ਬਾਅਦ ਸੀਡੀਪੀਓ ਦਫ਼ਤਰ ਅਤੇ ਸਬ ਡਵੀਜ਼ਨ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਦੇ ਦਫ਼ਤਰ ਦਾ ਦੌਰਾ ਵੀ ਕੀਤਾ।
ਇਸ ਮੌਕੇ ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਮੁੱਖ ਤਪ ਅਸਥਾਨ ਇਤਿਹਾਸਿਕ ਗੁਰਦੁਆਰਾ 9 ਵੀਂ ਪਾਤਸ਼ਾਹੀ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੇ ਨਾਲ ਹੀ ਅਨੁਰਾਗ ਵਰਮਾ ਨੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਅਤੇ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਵਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਉਪਰੰਤ ਦਫਤਰ ਵਿਖੇ ਪੁੱਜਣ ਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਮੈਂਬਰ ਜਥੇਦਾਰ ਬਲਜੀਤ ਸਿੰਘ ਜਲਾਲ,ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਗੁਰਵਿੰਦਰ ਸਿੰਘ ਨੇ ਉਨ੍ਹਾਂ ਨੂੰ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ।
ਅਨੁਰਾਗ ਵਰਮਾ ਨੇ ਕਿਹਾ ਕਿ ਗੁਰੂ ਕਿਰਪਾ ਨਾਲ ਹੋਇਆ ਹੈ ਸਨਮਾਨ ਹਾਸਿਲ: ਇਸ ਦੌਰਾਨ ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਨੇ ਕਿਹਾ ਕਿ ਸਾਰੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਦੇ ਦਰ ਘਰ ਤੋਂ ਹੀ ਮਿਲਦੀਆਂ ਹਨ ਅਤੇ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਅੱਜ ਉਨ੍ਹਾਂ ਨੂੰ ਪਰਿਵਾਰ ਸਮੇਤ ਇਸ ਪਾਵਨ ਪਵਿੱਤਰ ਧਾਰਮਿਕ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੇ ਮਾਣ ਸਨਮਾਨ ਲਈ ਧੰਨਵਾਦ ਕੀਤਾ। ਜਿਸ ਤੋਂ ਬਾਅਦ ਮੁੱਖ ਸਕੱਤਰ ਨੇ ਆਪਣੇ ਕਾਫ਼ਿਲੇ ਸਮੇਤ ਸੀਡੀਪੀਓ ਦਫ਼ਤਰ ਅਤੇ ਸਬ ਡਵੀਜ਼ਨ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਦਫ਼ਤਰ ਦਾ ਦੌਰਾ ਕੀਤਾ। ਜਿਸ ਦੌਰਾਨ ਐਸਡੀਐਮ ਬਾਬਾ ਬਕਾਲਾ ਸਾਹਿਬ ਅਲਕਾ ਕਾਲੀਆ ਨੇ ਉਨ੍ਹਾਂ ਨੂੰ ਲੋਈ ਭੇਂਟ ਕਰਕੇ ਸਨਮਾਨਿਤ ਕੀਤਾ।
ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ: ਕਰੀਬ ਇੱਕ ਘੰਟਾ ਬਾਬਾ ਬਕਾਲਾ ਸਾਹਿਬ ਨਗਰ ਵਿੱਚ ਗੁਜਾਰਨ ਉਪਰੰਤ ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਆਪਣੇ ਕਾਫ਼ਿਲੇ ਸਮੇਤ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋ ਗਏ। ਮੁੱਖ ਸਕੱਤਰ ਪੰਜਾਬ ਦੀ ਇਸ ਫੇਰੀ ਦੌਰਾਨ ਕਾਫਿਲੇ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ (ਆਈ ਪੀ ਐਸ), ਐਸ ਪੀ ਅੰਮ੍ਰਿਤਸਰ ਦਿਹਾਤੀ ਕਰਾਇਮ ਯੁਵਰਾਜ ਸਿੰਘ, ਸਿਮਰਨਦੀਪ ਸਿੰਘ ਸਬ ਡਵੀਜ਼ਨਲ ਮੈਜਿਸਟ੍ਰੇਟ ਅੰਮ੍ਰਿਤਸਰ 2, ਡੀਐਸਪੀ ਹਰਕ੍ਰਿਸ਼ਨ ਸਿੰਘ ਆਦਿ ਹਾਜ਼ਰ ਸਨ।